ਹੋਠੀਂ ਤਰੋਪੇ ਚੁੱਪ ਦੇ
ਕਦਮ ਪੰਧ ਉਲੀਕਦੇ
ਥਰ-ਥਰ ਕੰਬੇ ਧਰਤੀ
ਚੰਨ ਦਾ ਮੂੰਹ ਧਵਾਂਖਿਆ
ਰਾਤ ਵਹਿਮ ਖ਼ਿਆਲ ਦੀ
ਬਣ ਬਣ ਭੂਤ ਡਰਾਉਣੇ
ਕੱਲਿਓਂ ਮੈਨੂੰ ਡਰਾਉਂਦੀ
ਜੁੱਸਿਓਂ ਖ਼ੂਨ ਸੁਕਾਉਂਦੀ
ਨੰਗਿਆਂ ਪੈਰੀਂ ਜਿਉਣ ਦੇ
ਛਾਲੇ ਲਹੂ ਚੁਆਉਂਦੇ
ਸਹਿਕਦੇ ਸੂਲਾਂ ਤਸਿਆਂ
ਪਹਿਰੇਦਾਰਾਂ ਜਾਗਦਿਆਂ
ਆਬੇ ਹਯਾਤ ਪਿਲਾਉਂਦੇ
ਜੀਣ ਦੀ ਧੀਰ ਬਨ੍ਹਾਉਂਦੇ
ਸਾਬਤ ਰਾਹ ਫ਼ਨਾ ਤੇ
ਵਾਂਗੂੰ ਸ਼ੌਹ ਦਰਿਆਂ ਦੇ
ਵਹਿੰਦੇ ਵਗਦੇ ਜਾਉਂਦੇ
ਠੱਲਿਓਂ ਨਈਂ ਠਲਾਉਂਦੇ
ਜਾੜ ਮਜਾੜਾਂ ਬੇਲਿਆਂ
ਨ੍ਹੇਰ ਮੁਨ੍ਹੇਰੇ ਸਮ੍ਹਿਆਂ
ਵਾਜ ਕੋਈ ਅਲਾਉਂਦੀ
ਚੁੱਪ ਦੇ ਸਾਜ ਵਜਾਈਕੇ
ਮੌਤ ਦੇ ਰਾਗ ਸੁਣਾਉਂਦੀ
ਹੋਸ਼ ਮੈਰੇ ਗੁਮਾਉਂਦੀ
ਮੈਂਥੋਂ ਮੇਰੇ ਹਿੱਸੇ ਦਾ
ਜੀਵਣ ਖੋਹ ਲੈ ਜਾਉਂਦੀ
ਅੱਗੇ ਸਾਲ ਤੇ ਸਦੀਆਂ
ਅੱਖਾਂ ਦੋਵੇਂ ਮਿੱਚੀਆਂ
ਹੋਠੀਂ ਤਰੋਪੇ ਚੁੱਪ ਦੇ
ਕਦਮ ਪੰਧ ਉਲੀਕਦੇ