ਮੇਰੀ ਮੌਤ ਦੀ ਓ ਯਾਰੋ, ਕੋਈ ਦਾਸਤਾਂ ਨਾ ਪੁੱਛੋ,
ਬੱਸ ਕਤਲ ਹੁੰਦੇ ਚਲੇ ਗਏ, ਕਾਤਿਲ ਏਨਾ ਹੁਸੀਨ ਸੀ।
ਬੜਾ ਚਿਰ ਹੋਇਆ, ਹਾਲੇ ਤੱਕ ਮਦਹੋਸ਼ ਹਾਂ,
ਐਸਾ ਤੇਰੇ ਦੋ ਨੈਣਾ ਚੋਂ, ਦੋ ਘੁੱਟਾਂ ਦਾ ਪੀਣ ਸੀ।
ਆਪਣੀ ਤਪਸ਼ ਉੱਤੇ ਤੈਨੂੰ ਬੜਾ ਮਾਣ ਸੀ,
ਪਰ ਅੱਗ ਨਾਲ ਖੇਡਣ ਦੇ, ਅਸੀਂ ਵੀ ਸ਼ੌਕੀਨ ਸੀ।
ਕੱਚੇ ਪੱਕਿਆਂ ਤੇ ਤਰਦੇ, ਆਖਿਰ ਕਿਨਾਰੇ ਲੱਗ ਗਏ,
ਉਹਤੇ ਜੋਬਨ ਦਾ ਹੜ੍ਹ, ਸਾਨੂੰ ਰੱਬ ਤੇ ਯਕੀਨ ਸੀ।
ਖੁਸ਼ ਹਾਂ ਹਮੇਸ਼ਾ ਆਪਾਂ, ਭੱਖੜੇ ਤੇ ਥੋਹਰਾਂ ਨਾਲ,
ਉਹ ਕਮਲ ਦੇ ਫੁੱਲ, ਅਸੀਂ ਰੇਤਲੀ ਜਮੀਨ ਸੀ।
ਆਸ਼ਕ ਦਾ ਜਨਾਜ਼ਾ ਵੀ, ਬਰਾਤ ਵਾਂਗ ਨਿੱਕਲਿਆ,
ਦੁਸ਼ਮਣਾਂ ਦੇ ਘਰ ਦਾ, ਮਾਹੌਲ ਗਮਗੀਨ ਸੀ।
"ਮੰਡੇਰ" ਦੀ ਕਮਾਈ ਬੱਸ, ਇਹੀ ਮੇਰੇ ਦੋਸਤੋ,
ਕੁੱਝ ਮਿੱਠੇ ਜਿਹੇ ਹਾਸੇ, ਕੁੱਝ ਹੰਝੂ ਨਮਕੀਨ ਸੀ।