ਮੌਤ ਸਿਰ ਤੇ ਹੈ ਮਨੁੱਖ ਫਿਰ ਵੀ ਭੁਲਾਕੇ ਰੱਖਦੈ।
ਨਾਲ ਜੀਵਨ ਦੇ ਇਉਂ ਰਿਸ਼ਤਾ ਬਣਾ ਕੇ ਰੱਖਦੈ।
ਏਸ ਤੋਂ ਪਹਿਲਾਂ ਕਿ ਨ੍ਹੇਰਾ ਵੀ ਬਣੇ ਮਹਿਮਾਨ ਆ,
ਘਰ 'ਚ ਮੇਰੇ ਉਹ ਚਰਾਗਾਂ ਨੂੰ ਜਗਾਕੇ ਰੱਖਦੈ।
ਹੋਣ ਜੇ ਤਾਰੇ ਤਾਂ ਮੋਢੇ ਤੇ ਸਜਾ ਲੈਂਦੇ ਨੇ ਲੋਕ,
ਕੌਣ ਤੂਫ਼ਾਨਾਂ ਨੂੰ ਛਾਤੀ ਨਾਲ ਲਾਕੇ ਕੇ ਰੱਖਦੈ।
ਮੈਂ ਤਾਂ ਕਾਲਰ ਤੇ ਸੀ ਉਸਦੇ ਫੁੱਲ ਟੰਗਿਆ ਵੇਖਿਆ,
ਕੀ! ਪਤਾ ਸੀ ਕੋਟ ਵਿਚ ਖੰਜਰ ਛੁਪਾ ਕੇ ਰੱਖਦੈ।
ਜਾਣਦਾ ਹੋਣਾ ਨਹੀਂ ਕਿ ਓਸਨੇ ਜਾਣੈ ਬਿਖ਼ਰ,
ਜਿਸਮ ਨੂੰ ਜੋ ਵਾਂਗ ਸ਼ੀਸ਼ੇ ਦੇ ਬਚਾਕੇ ਰੱਖਦੈ।