ਮਾਵਾਂ ਤੇ ਧੀਆਂ

ਹਰ ਯੁਗ ਵਿਚ 

ਮਾਵਾਂ ਆਪਣੀਆਂ ਧੀਆਂ ਨੂੰ

ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ

ਜੋ ਜ਼ਿੰਦਗੀ ਵਿਚ ਉਹਨਾਂ ਦੇ ਕੰਮ ਆਵੇ

ਉਹਨਾਂ ਦਾ ਰਾਹ ਰੁਸ਼ਨਾਵੇ

ਮੇਰੀ ਮਾਂ ਨੇ ਮੈਨੂੰ ਆਖਿਆ ਸੀ:

ਸਿਆਣੀਆਂ ਕੁੜੀਆਂ

ਲੁਕ ਲੁਕ ਕੇ ਰਹਿੰਦੀਆਂ

ਧੁਖ ਧੁਖ ਕੇ ਜਿਉਂਦੀਆਂ

ਝੁਕ ਝੁਕ ਕੇ ਤੁਰਦੀਆਂ

ਨਾ ਉੱਚਾ ਬੋਲਦੀਆਂ

ਨਾ ਉੱਚਾ ਹਸਦੀਆਂ

ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ

ਬਸ ਧੂੰਏਂ ਦੇ ਪੱਜ ਰੋਂਦੀਆਂ

ਤੇ ਕੰਧਾਂ ਦੇ ਓਹਲੇ ਘੁੱਗ ਵਸਦੀਆਂ

ਕੁੜੀਆਂ ਤਾਂ ਸ਼ਰਮ ਹਯਾ ਦੀਆਂ ਪੁਤਲੀਆਂ ਹੁੰਦੀਆਂ

ਸਿਰ ਢਕ ਕੇ ਰੱਖਦੀਆਂ

ਅੱਖ ਉੱਤੇ ਨਹੀਂ ਚੱਕਦੀਆਂ

ਕਿ ਕੁੜੀਆਂ ਤਾਂ ਨਿਰੀਆਂ ਗਊਆਂ ਹੁੰਦੀਆਂ

ਜਿਹੜੇ ਕਿੱਲੇ ਨਾਲ ਬੰਨ੍ਹ ਦੇਵੋ

ਬੱਝੀਆਂ ਰਹਿੰਦੀਆਂ

ਇਹ ਬੇਜ਼ੁਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ

..................

ਮੇਰੀ ਮਾਂ ਦਾ ਆਖਿਆ ਹੋਇਆ

ਕੋਈ ਵੀ ਬੋਲ

ਮੇਰੇ ਕਿਸੇ ਕੰਮ ਨਾ ਆਇਆ

ਉਸ ਦਾ ਹਰ ਵਾਕ

ਮੇਰੇ ਰਾਹ ਵਿਚ ਦੀਵਾਰ ਬਣ ਕੇ ਉਸਰ ਆਇਆ

ਤੇ ਮੈਂ ਆਪਣੀ ਧੀ ਨੂੰ ਸਮਝਾਇਆ :

ਕਦਮ ਕਦਮ 'ਤੇ 

ਦੀਵਾਰਾਂ ਨਾਲ ਸਮਝੌਤਾ ਨਾ ਕਰੀਂ...

ਆਪਣੀਆਂ ਉਡਾਰੀਆਂ ਨੂੰ

ਪਿੰਜਰਿਆਂ ਕੋਲ ਗਹਿਣੇ ਨਾ ਧਰੀਂ...

ਤੂੰ ਆਪਣੇ ਰੁਤਬੇ ਨੂੰ

ਏਨਾ ਬੁਲੰਦ

ਏਨਾ ਰੌਸ਼ਨ ਕਰੀਂ

ਕਿ

ਹਰ ਹਨ੍ਹੇਰਾ ਤੈਨੂੰ ਵੇਖ ਕੇ ਤ੍ਰਭਕ ਜਾਵੇ

ਹਰ ਦੀਵਾਰ ਤੈਨੂੰ ਵੇਖ ਕੇ ਠਿਠਕ ਜਾਵੇ

ਹਰ ਜ਼ੰਜੀਰ ਤੈਨੂੰ ਵੇਖ ਕੇ ਮੜੱਕ ਜਾਵੇ

ਤੂੰ ਮਾਣ ਨਾਲ ਜਿਊਂਈਂ

ਮਾਣ ਨਾਲ ਮਰੀਂ

ਦੀਵਾਰਾਂ ਨਾਲ ਸਮਝੌਤਾ ਹਰਗਿਜ਼ ਨਾ ਕਰੀਂ...

ਮੇਰੀ ਧੀ ਵੀ

ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ

ਸ਼ਾਇਦ ਇਸ ਤੋਂ ਵੀ ਵੱਧ ਸੋਹਣਾ

ਇਸ ਤੋਂ ਵੀ ਵੱਧ ਮੁਕਤੀ ਅਤੇ ਮੁਹੱਬਤ ਭਰਿਆ

ਕਿਉਂਕਿ

ਹਰ ਯੁਗ ਵਿਚ

ਮਾਵਾਂ ਆਪਣੀਆਂ ਧੀਆਂ ਨੂੰ

ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ

ਜੋ ਜ਼ਿੰਦਗੀ ਵਿਚ 

ਉਹਨਾਂ ਦੇ ਕੰਮ ਆਵੇ

ਉਹਨਾਂ ਦਾ ਰਾਹ ਰੁਸ਼ਨਾਵੇ

ਸ਼ਾਇਦ ਯੁਗ ਏਦਾਂ ਹੀ ਪਲਟਦੇ ਨੇ...

ਹਾਂ

ਯੁਗ ਏਦਾਂ ਹੀ ਪਲਟਦੇ ਨੇ..

📝 ਸੋਧ ਲਈ ਭੇਜੋ