ਦੁਨੀਆ ਭਰ ਵਿੱਚ ਭਟਕ ਕੇ ਆਏ ਨੋਟ
ਉਸਦੇ ਹੱਥਾਂ ਵਿੱਚ ਕੀਮਤੀ ਬਲੌਰਾਂ ਦੀ ਤਰਾਂ
ਅਟਕ ਜਾਂਦੇ ਹਨ
ਜਦ ਮਹੀਨੇ ਦੇ ਪਹਿਲੇ ਹਫਤੇ
ਤਨਖਾਹ ਆਉਂਦੀ ਹੈ ਤਾਂ
ਉਹ ਉਸ ਨੂੰ
ਅਲੱਗ ਅਲੱਗ ਥੱਦੀਆਂ ਵਿੱਚ ਵੰਡ ਦਿੰਦੀ ਹੈ-
ਇਹ ਕਿਰਾਏ ਦੇ
ਇਹ ਦੁਧ ਵਾਸਤੇ
ਇਹ ਮਹੀਨੇ ਦਾ ਸਮਾਨ ਖਰੀਦਣ ਵਾਸਤੇ
ਇਹ ਕਾਰ ਦੇ ਤੇਲ ਵਾਸਤੇ
ਬਿਜਲੀ ਦਾ ਕਿਰਾਇਆ
ਇਹ ਟੈਲੀਫੋਨ ਦਾ
ਇਹ ਫੁਟਕਲ, ਹੋਰ ਖਰਚਿਆਂ ਵਾਸਤੇ
ਇਹ ਥੱਦੀਆਂ ਅਲੱਗ ਵਜੂਦ ਬਣ ਜਾਂਦੀਆਂ ਹਨ
ਕਿਰਾਏ ਦੇ ਥੱਦੀ ਚੋਂ
ਤੇਲ ਨਹੀਂ ਪੁਆਇਆ ਜਾ ਸਕਦਾ
ਟੈਲੀਫੋਨ ਬਿਲ ਵਾਲੀ ਥੱਦੀ ਵਿੱਚੋਂ
ਦੁਧ ਨਹੀਂ ਲਿਆ ਜਾ ਸਕਦਾ
ਕਿਸ ਇੱਕ ਥੱਦੀ ਵਿੱਚੋਂ ਨੋਟ ਕਢਕੇ
ਕਿਸੇ ਹੋਰ ਕੰਮ ਤੇ ਖਰਚਣਾ
ਉਸ ਨੂੰ ਇਨ੍ਹਾਂ ਨੋਟਾਂ ਦੀ ਬੇਅਦਬੀ ਲੱਗਦੀ ਹੈ
ਭਟਕਦੇ ਨੋਟ ਉਸਦੇ ਹੱਥਾਂ ਵਿੱਚ ਪਹੁੰਚ
ਸ਼ਾਂਤ ਹੋ ਜਾਂਦੇ ਹਨ
ਮੇਰੇ ਹੱਥਾਂ ਵਿੱਚ ਆ
ਨਹੀਂ ਟਿਕਦੇ, ਛੋਟੇ ਬੱਚਿਆਂ ਦੀ ਤਰਾਂ
ਨੋਟ ਵੀ ਬੱਚਿਆਂ ਦੀ ਤਰਾਂ
ਹੱਥਾਂ ਤੇ ਬੁਕਲਾਂ ਦੀ ਛੋਹ ਨੂੰ
ਮਹਿਸੂਸ ਕਰਦੇ ਹਨ
ਨੋਟ ਵੀ ਮੋਹ ਦੇ ਭੁੱਖੇ ਹਨ
ਉਹ ਖਿੱਚੇ ਚਲੇ ਆਉਂਦੇ ਹਨ,
ਉਨ੍ਹਾਂ ਹੱਥਾਂ ਵੱਲ
ਜਿਹੜੇ ਉਨ੍ਹਾਂ ਨੂੰ ਮੋਹ ਕਰਦੇ ਹਨ
ਸ਼ਾਇਦ ਇਸੇ ਲਈ ਕਹਿੰਦੇ ਹਨ
ਮਾਇਆ ਨੂੰ ਮਾਇਆ ਖਿਚਦੀ ਹੈ
ਨੋਟ ਵੀ ਬੰਦਿਆਂ ਵਰਗੇ ਹਨ, ਜਿਊਂਦੇ ਜਾਗਦੇ
ਨੋਟਾਂ ਦੀਆਂ ਵੀ ਕਿਸਮਾਂ ਹਨ
ਨੇਕੀ ਦੇ ਨੋਟ,
ਬੁਰਾਈ ਦੇ ਨੋਟ
ਮਿਹਨਤ ਦੇ ਨੋਟ,
ਬੇਈਮਾਨੀ ਦੇ ਨੋਟ
ਅਲੱਗ ਅਲੱਗ ਕਿਸਮਾਂ ਦੇ ਨੋਟ
ਅਲੱਗ ਅਲੱਗ ਥਾਵਾਂ ਵੱਲ ਦੌੜਦੇ ਹਨ
ਮੇਰੀ ਬੀਵੀ ਕੋਲ ਨੋਟ ਇੰਝ ਆਉਂਦੇ ਹਨ
ਜਿਵੇਂ ਛੋਟੀ ਜਿਹੀ ਸ਼ੀਸ਼ੀ ਵਿੱਚ
ਗੰਗਾਜਲ ਹੁੰਦਾ ਹੈ।
ਜਿਸ ਨੂੰ ਸਾਂਭ ਸਾਂਭ ਰੱਖਿਆ ਜਾਂਦਾ ਹੈ
ਥੋੜ੍ਹਾ ਥੋੜ੍ਹਾ ਵਰਤਿਆ ਜਾਂਦਾ ਹੈ
ਗੰਗਾਜਲ ਥੋੜ੍ਹਾ ਹੀ ਬਹੁਤ ਹੁੰਦਾ ਹੈ
ਮੇਰੇ ਹੱਥਾਂ ਵਿੱਚ ਨੋਟ ਨਹੀਂ ਟਿਕਦੇ
ਜਿਵੇਂ ਕਿਸੇ ਕਿਸੇ ਤੋਂ
ਬੱਚੇ ਨਹੀਂ ਵਿਰਦੇ
ਉਹ ਮੇਰੇ ਕੋਲ
ਭੱਜੇ ਭੱਜੇ ਆਉਂਦੇ ਹਨ
ਜਿਵੇਂ ਕਾਹਲੀ ਕਾਹਲੀ ਖਾਣ ਵਾਲੇ ਦੇ ਮੂੰਹ ਵਿੱਚ
ਬੁਰਕੀ ਆਉਂਦੀ ਹੈ
ਜਿਸ ਦੇ ਸਾਰੇ ਕੋਨਿਆਂ ਨੂੰ
ਛੋਹਿਆ ਵੀ ਨਹੀਂ ਜਾਂਦਾ
ਮਾਇਆ ਵੀ ਕੋਈ ਤੱਤ ਜੂਨ ਹੈ ਸ਼ਾਇਦ
ਜਿਊਂਦੀ, ਸਾਹ ਲੈਂਦੀ
ਭਾਵਾਂ ਦੀ, ਛੁਹਾਂ ਦੀ ਬੋਲੀ ਸਮਝਦੀ
ਮੇਰੇ ਕੋਲ ਮਾਇਆ ਕਿਉਂ ਨਹੀਂ ਟਿਕਦੀ
ਇਹ ਸਬਕ ਮੈਂ ਆਪਣੀ ਬੀਵੀ ਤੋਂ ਸਿਖਿਆ ਹੈ