ਮਜ਼ਦੂਰ ਕੁੜੀ ਦੀ ਪਹਿਲੀ ਰਾਤ

ਉਮਰਾਂ ਦੇ ਪਿਛਵਾੜੇ ਅੰਦਰ, ਧੁੱਪ ਸਾਡੀ ਹੈ ਮੋਈ,

ਰੂਪ ਦੀਆਂ ਨੇ ਵੈਰੀ ਹੋਈਆਂ, ਆਦਮ ਖੋਰ ਬਲਾਈਆਂ

ਇਕ ਸੜਕਾਂ 'ਤੇ ਲੁੱਕ ਪੰਘਰਦੀ, ਦੂਜੇ ਜਿੰਦ ਅਸਾਡੀ,

ਤੀਜੇ ਡਾਲਰ ਦੀਆਂ ਨਿਗਾਹਾਂ, ਹਨ ਲਾਟਾਂ ਬਰਸਾਈਆਂ

ਮੇਰਾ ਚੁਟਕੀ ਚੁਟਕੀ ਵਿਕਿਆ, ਮਾਸ ਕਿਰਤ ਦੀ ਮੰਡੀ,

ਹੁਣ ਬਾਲਣ 'ਚੋਂ ਕੀ ਟੋਲੇਂਗਾ, ਮੇਰੀ ਅੱਗ ਦਿਆ ਸਾਈਆਂ

ਜਿਸ ਧਰਤੀ 'ਤੇ ਬਾਪ ਮੇਰੇ ਨੇ, ਰਾਠਾਂ ਨੂੰ ਹੱਥ ਜੋੜੇ,

ਉਸ ਧਰਤੀ 'ਚੋਂ ਵੀਰ ਉਗਾਈਆਂ, ਲੱਖ ਮੂੰਹ-ਜ਼ੋਰ ਕਲਾਈਆਂ

ਉੱਗੀਆਂ ਬਾਹਾਂ ਦੀ ਬੋਲੀ ਜਦ, ਸੀਸ ਮਹਿਲ ਤੇ ਕੜਕੀ,

ਮਹਿਲਾਂ ਵਿਚਲੇ ਵੈਣ ਅਸਾਨੂੰ, ਤਾਰਨ ਲੱਗੇ ਦਾਈਆਂ

ਜਦ ਬੇਲੇ 'ਚ ਚੋਰੀ ਹੋਈ, ਚੂਰੀ ਅਸੀਂ ਛੁਡਾਲੀ,

ਫੇਰ ਰਾਂਝਿਆਂ ਮਹਿਬੂਬਾਂ ਤੋਂ, ਹੱਸ ਹੱਸ ਲਈ ਚੁਰਾਈਆਂ

ਜਿਸ ਰੋੜੀ ਨੇ ਸੜਕ ਕਿਨਾਰੇ ਵੰਗ ਮੇਰੀ ਹੈ ਤੋੜੀ,

ਉਸ ਰੋੜੀ 'ਚੋਂ ਅੱਜ ਹਥੌੜੇ, ਕੱਢਣੀਆਂ ਮਨ ਆਈਆਂ

ਫੇਰ ਨਾ ਕੋਈ ਪੁੱਤ ਲੰਬੜਾਂ ਦਾ, ਰੂਪ ਕਿਰਤ ਦਾ ਚੂਸੇ,

ਬੱਲੀਆਂ ਚੁਗਣ ਵਾਲੀਆਂ ਬੱਲੀਆਂ, ਬਿਫਰ ਬਰਾਨੇ ਆਈਆਂ

📝 ਸੋਧ ਲਈ ਭੇਜੋ