ਮੀਂਹ ਚੱਲਿਆ ਜੇ ਆ,
ਨੀ ਕੁੜੀਓ ਸਾਂਭ ਲਓ ਪਾਥੀਆਂ।
ਕਾਹਨੂੰ ਭੁੱਖੇ ਮਾਰਨਾ ਜੇ,
ਸੰਗੀਆਂ ਤੇ ਸਾਥੀਆਂ।
ਨੀ ਕੁੜੀਓ ਸਾਂਭ ਲਓ ਪਾਥੀਆਂ,
ਮੀਂਹ ਚੱਲਿਆ ਜੇ ਆ।
ਆ ਗਏ ਨੀ, ਕਾਲੇ ਬੱਦਲ਼ ਚੜ੍ਹਕੇ,
ਕੜ-ਕੜ, ਕੜ-ਕੜ ਬਿਜਲੀ ਚਮਕੇ।
ਇੱਕ ਜਣੀ ਗਹੀਰੇ'ਤੇ ਚੜ੍ਹ ਕੇ।
ਦਿਓ ਲਿਫ਼ਾਫ਼ਾ ਪਾ ਨੀ ਕੁੜੀਓ,
ਸਾਂਭ ਲਓ ਪਾਥੀਆਂ,
ਗਿਆ ਜੇ ਬੱਦਲ਼ ਆ,
ਨੀ ਕੁੜੀਓ ਸਾਂਭ ਲਓ ਪਾਥੀਆਂ।
ਕੁਝ ਦੇ ਟੋਟੇ ਕਰ ਲਿਆਓ,
ਵਿੱਚ ਸਬਾਤ ਦੇ ਜਾ ਕੇ ਲਾਓ।
ਸ਼ਾਮੀ ਜਿਹੜੀ ਰੋਟੀ ਬਣਨੀ,
ਕੰਮ ਜਾਣਗੇ ਆ, ਨੀ ਕੁੜੀਓ,
ਸਾਂਭ ਲਓ ਪਾਥੀਆਂ।
ਗਿਆ ਜੇ ਬੱਦਲ਼ ਆ,
ਨੀ ਕੁੜੀਓ ਸਾਂਭ ਲਓ ਪਾਥੀਆਂ।
ਗਿੱਲੀਆਂ ਨਾ ਉਹਨਾਂ ਵਿੱਚ ਰਲ਼ਾਇਓ,
ਨਾਲ਼ ਹੀ ਥੋੜਾ ਸੁੱਕਾ ਪਾਇਓ।
ਫੂਕਾਂ ਮਾਰਨ ’ਤੇ ਮੈਥੋਂ ਅੱਗ ਨ ਮੱਚੇ,
ਦੀਦੇ ਮੇਰੇ ਰੋ-ਰੋ ਥੱਕੇ।
ਫੂਕਣੀ ਚੱਕ ਲਿਆਇਓ,
ਨੀ ਕੁੜੀਓ, ਸਾਂਭ ਲਓ ਪਾਥੀਆਂ।
ਗਿਆ ਜੇ ਬੱਦਲ਼ ਆ ਨੀ ਕੁੜੀਓ,
ਸਾਂਭ ਲਓ ਪਾਥੀਆਂ।
ਪਿਆਰ ਨਾਲ ਖਾਣਾ ਬਣਵਾਓ,
ਮੂੰਹ ਵਿੱਚ ਨਾਨਕ ਸਾਹਿਬ ਧਿਆਓ।
ਸਾਰਾ ਟੱਬਰ ਹੱਸ ਜਦ ਖਾਊ,
ਘਰ ਸੁਰਗਾਪੁਰੀ ਬਣ ਜਾਊ।
ਨੀ ਕੁੜੀਓ ਸਾਂਭ ਲਓ ਪਾਥੀਆਂ,
ਗਿਆ ਜੇ ਬੱਦਲ਼ ਆ ਨੀ ਕੁੜੀਓ,
ਸਾਂਭ ਲਓ ਪਾਥੀਆਂ।