ਮੀਮ-ਮੁਹੰਮਦ ਮੌਲਾ ਦੇ ਕਲ

ਮੀਮ-ਮੁਹੰਮਦ ਮੌਲਾ ਦੇ ਕਲ,

ਅਸਾਂ ਕਹਿਆ ਹੌਲ ਹਿਸਾਬ ਦਾ

ਜੈਂਦਾ ਸਾਹਿਬ ਹੋਵੇ ਮੁਸਾਹਿਬ ਸ਼ਾਹਦ,

ਤਾਂ ਅਸਾਂ ਕੇਹਾ ਖੌਫ ਅਤਾਬ ਦਾ

ਜਿਹੜਾ ਜ਼ਾਮਨ ਹੋ ਅਸਾਂ ਗੋਲਿਆਂ ਦਾ,

ਉਸੇ ਜ਼ਿੰਮਾਂ ਸਵਾਲ ਜਵਾਬ ਦਾ

ਜਿਨ੍ਹਾਂ ਮਸਤ ਕੀਤਾ ਮੈਨੂੰ ਨਾਲ ਨਿਗਾਹ ਦੇ,

ਤਿਨ੍ਹਾਂ ਸ਼ਰਮ ਹਿਸਾਬ ਕਿਤਾਬ ਦਾ

ਸਾਕੀ ਜੇ ਕਰੇ ਸਵਾਲ ਜਵਾਬ ਦੇ ਤੇ,

ਕੁਲ ਕੁਲ ਸ਼ੀਸ਼ਾ ਸ਼ਰਾਬ ਦਾ

ਤਾਬੜ ਤੋੜ ਤੂੰ ਦੇਹ ਪਿਆਲੇ,

ਲੇਖਾ ਮੱਟ ਖਰਾਬ ਦਾ

ਆਜਿਜ਼ ਬੰਦਾ ਆਸੀ ਤੁੜੇ,

ਲਾਇਕ ਬਹੁਤ ਅਜ਼ਾਬ ਦਾ

ਪਰ ਮੁਨਕਰ ਅਤੇ ਨਕੀਰ ਨੂੰ ਹੈਦਰ,

ਅਦਬ ਉਸ ਜਨਾਬ ਦਾ ।੨੪।

📝 ਸੋਧ ਲਈ ਭੇਜੋ