ਮਹਿਕਾਂ ਭਿੰਨੀਆਂ ਤੇ ਪਿਆਰੀਆਂ ਗੱਲਾਂ,
ਕਿੱਥੇ ਗਈਆਂ ਉਹ ਸਾਰੀਆਂ ਗੱਲਾਂ।
ਸਿਉਂਕ ਵਾਂਗੂੰ ਨੇ ਲੱਗੀਆਂ ਰੂਹ ਨੂੰ,
ਨਿੱਕੀਆਂ ਨਿੱਕੀਆਂ ਨਿਕਾਰੀਆਂ ਗੱਲਾਂ।
ਪਾਲਤੂ ਤੋਤਿਆਂ ਦੀ ਕਿਸਮਤ ਨੇ,
ਮੰਗੀਆਂ ਹੋਈਆਂ, ਉਧਾਰੀਆਂ ਗੱਲਾਂ।
ਉਨ੍ਹਾਂ ਕਤਰੇ ਸੀ ਖੰਭ ਜਿਨ੍ਹਾਂ ਦੇ,
ਮਾਰ ਚੱਲੀਆਂ ਉਡਾਰੀਆਂ ਗੱਲਾਂ।
ਆਪਾਂ ਹਾਸੇ 'ਚ ਜੋ ਉਡਾਈਆਂ ਸਨ,
ਲੋਕਾਂ ਅਰਸ਼ੋਂ ਉਤਾਰੀਆਂ ਗੱਲਾਂ।
ਜੇ ਮੈਂ ਦੱਸਾਂ ਤਾਂ ਜੀਭ ਸੜ ਜਾਏ,
ਜੋ ਜੋ ਸੁਣੀਆਂ, ਸਹਾਰੀਆਂ ਗੱਲਾਂ।
ਸੋਚੀਏ ਤਾਂ ਉਦਾਸ ਹੋ ਜਾਈਏ,
ਕੀ ਕੀ ਦਿਲ ਵਿਚ ਸੀ ਧਾਰੀਆਂ ਗੱਲਾਂ।
ਆਖ ਸਕੇ ਨਾ ਔਖੇ ਅੱਖਰ ਜੋ,
ਅਥਰੂਆਂ ਨੇ ਉਚਾਰੀਆਂ ਗੱਲਾਂ।
ਹੋਰ ਗੰਧਲੇ ਹੋ ਜਾਣਗੇ ਰਿਸ਼ਤੇ,
ਜੇ ਨਾ ਹੁਣ ਵੀ ਨਿਤਾਰੀਆਂ ਗੱਲਾਂ।
ਔਲੀਆ ਹੈ ਜਾਂ ਹੈ ਕੋਈ ਪਾਗਲ,
ਕਰਦਾ ਜਗ ਤੋਂ ਨਿਆਰੀਆਂ ਗੱਲਾਂ।