ਮਿਹਨਤੀ ਚਿੜੀ

ਇੱਕ ਸੀ ਚਿੜੀ ਬੜੀ ਸਿਆਣੀ

ਕਾਂ ਸੀ ਉਸ ਦਾ ਮੁਢਦਾ ਹਾਣੀ

ਇਕੋ ਰੁੱਖ ਤੇ ਰਹਿੰਦੇ ਸੀ

ਦੋਵੇਂ ਰੱਲ ਮਿਲ ਬਹਿੰਦੇ ਸੀ

ਦੁੱਖ ਸੁੱਖ ਆਪਣਾ ਕਹਿੰਦੇ ਸੀ

ਇਕ ਦਿਨ ਚਿੜੀ ਕੁਝ ਦਾਣੇ ਲੱਭੇ

ਦਾਣੇ ਸੀ ਇਕ ਗੱਠੀ ਬੱਝੇ

ਦੇਖ ਦਾਣੇ ਚਿੜੀ ਮੁਸਕਰਾਈ

ਖੇਤੀ ਕਰਨ ਦੀ ਜੁਗਤ ਬਣਾਈ

ਲੈ ਦਾਣੇ ਚਿੜੀ ਘਰ ਲੈ ਆਈ

ਚਿੜੀ ਕਹੇ ਸੁਣ ਵੀਰੇ ਕਾਵਾਂ

ਕੰਨ ਕਰ ਇਕ ਗੱਲ ਸੁਣਾਵਾਂ

ਕੋਲ ਮੇਰੇ ਨੇ ਕੁਝ ਦਾਣੇ

ਬੀਜ ਦਾਣੇ ਅਸੀਂ ਹੋਰ ਉਗਾਣੇ

ਵੰਡ ਦੋਵਾਂ ਨੇ ਰਲ ਮਿਲ ਖਾਣੇ

ਕਾਂ ਕਹੇ ਮੈਂ ਆਉਂਦਾ ਹਾਂ

ਹੁੱਕੇ ਚਿਲਮ ਬਣਾਉਂਦਾ ਹਾਂ

ਉੱਚੀ ਸਾਖ ਬਹਿੰਦਾ ਹਾਂ

ਦੋ ਕੂ ਸੂਟੇ ਲਾਉਂਦਾ ਹਾਂ

ਤੂੰ ਚੱਲ ਚਿੜੀਏ ਮੈਂ ਆਉਂਦਾ ਹਾਂ

ਚਿੜੀ ਉੱਡੀ ਮਾਰ ਉੱਡਾਰੀ

ਸਿਰ ਤੇ ਲੈ ਦਾਣਿਆਂ ਦੀ ਪੰਡ ਭਾਰੀ

ਖੇਤ ਪਹੁੰਚੀ ਥੱਕੀ ਹਾਰੀ

ਗੁੱਡ ਖੇਤ ਉਹਨੇ ਕਰੀ ਤਿਆਰੀ

ਬੀਜੇ ਦਾਣੇ ਹਿਮੰਤ ਨਾ ਹਾਰੀ

ਚਿੜੀ ਕਹੇ ਚੱਲ ਖੇਤ ਹੈ ਜਾਣਾ

ਗੁੱਡ ਹੈ ਖੇਤ ਨੂੰ ਪਾਣੀ ਪਾਉਣਾ

ਪਾ ਪਾਣੀ ਖੇਤ ਸਿੰਜਦਾ ਕਰੀਏ

ਚੱਲ ਕਾਵਾਂ ਚੱਲ ਖੇਤੀ ਕਰੀਏ

ਮਿਹਨਤ ਤੋਂ ਕਦੇ ਨਾ ਡਰੀਏ

ਕਾਂ ਕਹੇ ਮੈਂ ਆਉਂਦਾ ਹਾਂ

ਹੁੱਕੇ ਚਿਲਮ ਬਣਾਉਂਦਾ ਹਾਂ

ਉੱਚੀ ਸਾਖ ਬਹਿੰਦਾ ਹਾਂ

ਦੋ ਕੂ ਸੂਟੇ ਲਾਉਂਦਾ ਹਾਂ

ਤੂੰ ਚੱਲ ਚਿੜੀਏ ਮੈਂ ਆਉਂਦਾ ਹਾਂ

ਚਿੜੀ ਵਿਚਾਰੀ ਕਰਮਾਂ ਮਾਰੀ

ਕਾਂ ਦੀ ਉਡੀਕ ਕਰ ਕਰ ਹਾਰੀ

ਗੁੱਡ ਗੁੱਡ ਖੇਤ ਪਾਣੀ ਲਾਏ

ਕਾਂ ਹਰ ਵਾਰ ਆਖ ਸੁਣਾਏ

ਲਾ ਲਾ ਲਾਰੇ ਖੇਤ ਨਾ ਜਾਏ

ਇਕ ਦਿਨ ਚਿੜੀ ਕਾਂ ਨੂੰ ਕਹਿੰਦੀ

ਚੱਲ ਵੀਰਾ ਚਲੀਏ ਵਾਢੀ ਰਹਿੰਦੀ

ਵਾਢੀ ਕਰ ਦਾਣੇ ਕੱਢ ਲਿਆਈਏ

ਤੂੜੀ ਵੱਖ ਦਾਣੇ ਵੱਖ ਬਣਾਈਏ

ਆਪਣਾ ਆਪਣਾ ਹਿੱਸਾ ਪਾਈਏ

ਆਲਸ ਕਾਂ ਦਾ ਮੁੜ ਭਰ ਆਇਆ

ਚਿੜੀ ਨੂੰ ਫਿਰ ਉਹਨੇ ਆਖ ਸੁਣਾਇਆ

ਚਿੜੀ ਗਈ ਪਰ ਕਾਂ ਨਾ ਆਇਆ

ਚਿੜੀ ਆਪਣਾ ਫ਼ਰਜ ਨਿਭਾਇਆ

ਫਿਰ ਵੀ ਮੱਥੇ ਵੱਟ ਨਾ ਪਾਇਆ

ਫਿਰ ਆਈ ਵੰਡ ਕਰਨ ਦੀ ਵਾਰੀ

ਚਿੜੀ ਨੇ ਕਾਂ ਨੂੰ ਫਿਰ ਅਵਾਜ ਮਾਰੀ

ਸੁਣ ਅਵਾਜ ਕਾਂ ਭਾਰੀ ਉਡਾਰੀ

ਖੇਤ ਪਹੁੰਚਿਆ ਕਾਂ ਪਹਿਲੀ ਵਾਰੀ

ਛੱਡ ਤੂੜੀ ਦਾਣੇ ਮੱਲ ਮਾਰੀ

ਲਾਲਚ ਵਿਚ ਕਾਂ ਸੀ ਭਰਿਆ

ਚਿੜੀ ਨਾਲ ਉਹਨੇ ਧੋਖਾ ਕਰਿਆ

ਚਿੜੀ ਦੀ ਪੇਸ਼ ਗਈ ਨਾ ਕੋਈ

ਦੁਖੀ ਚਿੜੀ ਮਨ ਵਿਚ ਰੋਈ

ਆਖੇ ਮਿਹਨਤ ਦਾ ਮੈਨੂੰ ਫ਼ਲ ਨਾ ਕੋਈ

ਦੁਖੀ ਚਿੜੀ ਘਰ ਮੁੜ ਆਈ

ਸੋਚ ਸੋਚ ਉਹਨੇ ਰਾਤ ਲੰਘਾਈ

ਚਿੜੀ ਆਪਣੀ ਸਿਆਣਪ ਵਿਖਾਈ

ਵੰਡ ਤੂੜੀ ਦੀ ਘਰ ਲੈ ਆਈ

ਕਾਂ ਦੀ ਦੋਸਤੀ ਮਾਰ ਮੁਕਾਈ

ਤੂੜੀ ਨਾਲ ਚਿੜੀ ਘਰ ਬਣਾਇਆ

ਕਾਂ ਵੀ ਦਾਣੇ ਘਰ ਲੈ ਆਇਆ

ਚਿੜੀ ਨੂੰ ਦੇਖ ਕਾਂ ਖਿੜ ਖਿੜ ਹੱਸੇ

ਆਪਣੇ ਆਪ ਨੂੰ ਚੱਤੁਰ ਉਹ ਦੱਸੇ

ਚਿੜੀ ਨੂੰ ਉਹ ਮੂਰਖ ਦੱਸੇ

ਕਾਂ ਹੱਸੇ ਚਿੜੀ ਦੀ ਦੇਖ ਲਾਚਾਰੀ

ਉਸੇ ਦਿਨ ਪਿਆ ਮੀਂਹ ਭਾਰੀ

ਚਿੜੀ ਛੁੱਪ ਗਈ ਮਾਰ ਉਡਾਰੀ

ਕਾਂ ਦੀ ਸੀ ਨਾ ਕੋਈ ਤਿਆਰੀ

ਮੀਂਹ ਨੇ ਕਾਂ ਦੀ ਮੱਤ ਮਾਰੀ

ਆਲ੍ਹਣੇ ਵਿਚੋਂ ਚਿੜੀ ਦੇਖੇ ਨਜ਼ਾਰੇ

ਕਾਂ ਦੇ ਦਾਣੇ ਭਿੱਜਗੇ ਸਾਰੇ

ਭਿੱਜਿਆ ਕਾਂ ਨਾਲ ਠੰਡ ਦੇ ਠਾਰਿਆ

ਕੋਲ ਪਏ ਦਾਣਿਆਂ ਵਿਚ ਜਾ ਵੜਿਆ

ਉਹਨਾਂ ਵੀ ਨਾ ਉਹਲਾ ਕਰਿਆ

ਕਾਂ ਨੂੰ ਫਿਰ ਚਿੜੀ ਦੀ ਯਾਦ ਆਈ

ਥੱਲੇ ਬੈਠੇ ਅਵਾਜ ਲਗਾਈ

ਭੈਣੇ ਮੇਰੀ ਜਾਨ ਬਚਾਲੈ

ਮੈਨੂੰ ਆਲ੍ਹਣੇ ਵਿਚ ਛੁੱਪਾ ਲੈ

ਭਾਵੇਂ ਅੱਧ ਦਾਣੇ ਵੰਡਾਲੈ

ਚਿੜੀ ਨੇ ਕਾਂ ਦੀ ਇਕ ਨਾ ਮਨੀ

ਭੁੱਲੀ ਗੱਲ ਨਾ ਲੜ ਜੋ ਬੰਨੀ

ਕਾਂ ਰਿਹਾ ਠੰਡ ਵਿਚ ਠਰਦਾ

ਨਾਲ ਚਿੜੀ ਦੀਆਂ ਮਿਨਤਾਂ ਕਰਦਾ

ਮਨ ਹੀ ਮਨ ਪਛਤਾਵਾ ਕਰਦਾ

ਰਾਤ ਲੰਘੀ ਹੋਈ ਸਵੇਰ

ਮਾਰ ਕੇ ਕਾਂ ਹੋਇਆ ਸੀ ਢੇਰ

ਚਿੜੀ ਦਾਣੇ ਚੁੱਕ ਲਿਆਈ

ਮਿਹਨਤ ਚਿੜੀ ਦੀ ਰੰਗ ਲਿਆਈ

ਚਿੜੀ ਦੇ ਚਿਹਰੇ ਰੌਣਕ ਛਾਈ

📝 ਸੋਧ ਲਈ ਭੇਜੋ