ਨਾਨਕ ਹੋਣ ਦਾ ਭਾਵ
ਕੁਦਰਤ ਦੀ ਕਿਤਾਬ ਖੋਲਣਾ
ਬ੍ਰਹਿਮੰਡ ਨੂੰ ਇਕੋ ਸਾਹੇ ਪੀਣਾ
ਲਹਿਰਾਂ ਨੂੰ ਆਪੋ ਵਿਚ ਸੀਣਾ
ਤੇ ਸ਼ਬਦ ਨੂੰ ਜੀਣਾ---
ਕੋਈ ਆਖੇ ਭੂਤਨਾ, ਕੋਈ ਵੇਤਾਲਾ
ਪਰ ਨਾਮ ਖੁਮਾਰੀ ਚ ਨਾਨਕ ਬਾਉਰਾਨਾ
ਕੋਈ ਨਹੀਂ ਸੀ ਜਾਣਦਾ ਗੁਝੀਆਂ ਰਮਜ਼ਾਂ
ਬਲਿਹਾਰੀ ਕੁਦਰਤ ਵਸਿਆ
ਉਸ ਨੇ ਰੱਬ ਨੂੰ ਛੂਹਣਾ ਤੇ ਵੇਖਣਾ ਦਸਿਆ
ਨਾਨਕ ਨੂੰ ਜਾਨਣ ਲਈ, ਸਿਖ ਹੋਣਾ ਜਰੂਰੀ ਨਹੀ
ਜੋ ਉਸ ਨੂੰ ਜਾਨਣ ਲਗਦੈ, ਓ ਸਿਖ ਹੋ ਜਾਂਦੈ
ਮੈਂ ੫੫੦ ਸਾਲ ਪਹਿਲਾਂ ਦੇ ੨੦ ਰੁਪਏ ਦੀ ਕੀਮਤ
ਅਜ ਦੇ ਯੁਗ ਚ ਮਿਥੀ, ਦੰਦਾਂ ਨੇ ਜ਼ਬਾਨ ਚਿਥੀ
ਹਾਂ...ਓਹੀ ਲੰਗਰ ਅਜ ਤੀਕ ਚਲਦੈ
ਓਦੀ ਪੈਲੀ ਦੇ ਕਾਗਜ਼, ਅਜ ਵੀ ਓਦੇ ਨਾਂ ਤੇ ਬੋਲਦੇ ਨੇ
ਨਾ ਸ੍ਰੀ ਚੰਦ ਨਾ ਲਖਮੀ ਦਾਸ ਕੋਈ ਨਹੀ ਦਾਵੇਦਾਰ –
ਬੇਬੇ ਨਾਨਕੀ ਤੋਂ ਰਬਾਬ ਲੈ, ਬਾਲੇ ਮਰਦਾਨੇ ਸੰਗ
ਬਾਬਾ ਰਾਹੇ ਪੈ ਜਾਂਦਾ
ਤੈਨੂੰ ਮੈਨੂੰ ਵਸਾ ਕੇ, ਆਪ ਉਜੜ ਜਾਂਦਾ
ਬਾਗ਼ੀ ਬਾਬਾ, ਸਫ਼ਰ ਵਿਚ ਰਹਿੰਦਾ,
ਕਲਮ ਨੂੰ ਤਲਵਾਰ ਵਾਂਗ ਵਰਤਦਾ ,
ਹੁਕਮਰਾਨ ਦੀ ਅਖ ਵਿਚ ਰੜਕਦਾ,
ਬਾਬਵਾਣੀ ਲਿਖਦਾ,
ਤੇਰਾ ਤੇਰਾ ਕਰਦਿਆਂ,
ਓਦੇ ਸਾਰੇ ਹਿਸਾਬ ਪੂਰੇ ਕਰ ਦਿੰਦਾ ,
ਇਹ ਗਲ ਤੇ ਮੇਰੇ ਪੁਰਖੇ ਮੇਰੇ ਬਾਬੇ ਦੀ ਹੈ
ਓ ਸਾਡੇ ਸਭ ਦੇ ਘਰ ਦਾ ਵੱਡਾ ਜੀਅ ਹੈ
ਰੁਸਦੇ ਹਾਂ ਤੇ ਤੂੰ ਕਹਿੰਦੇ ਹਾਂ
ਮੋਹ ਕਰਦੇ ਹਾਂ ਤੇ ਬਾਬਾ ਜੀ
ਵੈਰਾਗ ਚ ਹੁੰਦੇ ਹਾਂ ਤੇ ਸਾਹਿਬ
ਓ ਪਾਤਸ਼ਾਹ ਨਾਲ ਨਾਲ ਵਿਚਰਦਾ
ਹਥ ਕਾਰ ਵਲ ਤੇ ਮਨ ਕਰਤਾਰ ਵਲ ਕਰਦਾ
ਓਨੇ ਸਾਡੇ ਹਥ ਕਲਮ ਫੜਾਈ,
ਤੇ ਵਕਤ ਆਉਣ ਤੇ ਸੰਤ ਸਿਪਾਹੀ ਬਣ ਕੇ
ਏਹੀ ਕਲਮ ਚਲਾਈ,
ਮੈਂ ਓਦੇ ਜ਼ਾਵੀਏ ਤੋ ਸੰਸਾਰ ਵੇਖਦੀ ਹਾਂ
ਓ ਮੈਨੂੰ ਰਾਜਾਨ ਜੰਮਣ ਦਾ ਅਹਿਸਾਸ ਕਰਵਾਉਂਦੈ
ਤੇ ਆਪ--ਮੈਂ ਬਨਜਾਰਨ ਰਾਮ ਕੀ ਹੋ ਜਾਂਦੈ
ਬਾਬਾ ਕਾਬਾ ਘੁਮਾ ਕੇ, ਬਾਲਾਂ ਦਾ ਕਰੂਲੀਆਂ ਵਾਲਾ ਪਾਣੀ ਪੀ ਜਾਂਦਾ
ਧਰਤ ਸੁਹਾਵੀ ਤੇ ਨਾਮ ਵਖਰ ਵਪਾਰ ਕਰਦਾ
ਓਦਾ ਪੀਰ, ਓਦਾ ਗੁਰੁ, ਓਦਾ ਰੱਬ, ਮੇਰਾ ਬਾਬਾ
ਸੋਲਾਂ ਕਲਾਂ ਸੰਪੂਰਨ, ਸਭ ਦਾ ਸਭ ਕੁਝ ਹੋ ਜਾਂਦਾ
ਸਿਧ ਗੋਸ਼ਟੀਆਂ ਕਰਦਾ
ਲਿਖਣ ਪੜਨ ਬੋਲਣ ਲਈ ਭਾਸ਼ਾ ਦਿੰਦਾ
ਕਲਯੁਗ ਚ ਕੀਰਤਨ ਪ੍ਰਧਾਨ ਕਰਦਾ
ਰੂਹ ਨਾਲ ਰਾਗ ਛੇੜਦਾ, ਐਸਾ ਗਾਉਂਦਾ
ਕਿ ਗਾਉਣਾ ਹੀ ਯੋਗ ਹੋ ਜਾਂਦਾ, ਗਾਉਣਾ ਹੀ ਧਿਆਨ ਹੋ ਜਾਂਦਾ
ਬੜੀ ਸਾਦਗੀ ਨਾਲ ਓਹ
ਤੇ ਗਗਨ ਦੇ ਥਾਲ ਵਿਚ, ਰਵੀ ਚੰਦ ਦੀਪਕ ਬਣਾ ਕੇ
ਸਾਰੇ ਦੇ ਸਾਰੇ ਤਾਰੇ ਚਿਣ ਲੈਂਦਾ
ਓਦੀ ਆਰਤੀ ਸੁਣਨ, ਕਰਤਾ ਆਪ ਆਂਉਦਾ
ਤੇ ਮਸਤਾਨਾ ਨਾਨਕ, ਕੁਦਰਤ ਨਾਲ ਮਿਲ ਕੇ
ਆਪ ਕਾਦਰ ਹੋ ਜਾਂਦਾ---
ਪਰ ਅੱਜ ਮੈ ਬੇਮੁਖ ਹਾਂ
ਸਜਾ ਸਜਾ ਕੇ ਲਿਖਦਾ ਹਾਂ
ਮੂੰਹੋਂ ਸਵਾਰ ਸਵਾਰ ਕੇ ਬੋਲਦਾ ਹਾਂ
ਪਵਣ ਗੁਰੂ ਪਾਣੀ ਪਿਤਾ
ਫਿਰ-ਘੜੀਏ ਸ਼ਬਦ ਸਚੀ ਟਕਸਾਲ
ਫਿਰ-ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ
ਪਰ ਮੈਂ ਕੰਡਾ, ਮੈ ਮਲਕ ਭਾਗੋ, ਮੈ ਸੱਜਣ ਠਗ
ਮੈਂ ਵਲੀ ਕੰਧਾਰੀ, ਮੈਂ ਵਾੜਾਂ ਦਾ ਚੋਰ
ਮੈਂ ਕੁੜੀ ਮਾਰ, ਕੁੜੀ ਖੋਰ
ਹਟਦਾ ਨਹੀਂ, ਟਲਦਾ ਨਹੀਂ
ਮੈਨੂੰ ਤੇ ਪੈਰ ਪੈਰ ਤੇਰੀ ਲੋੜ,
ਬਾਬੇ ਆਖਿਆ ਹਥੀਂ ਕਿਰਤ ਕਰਨਾ ਹੀ ਹੈ ਨਾਮ ਜਪਣਾ,
ਤੇ ਨਾਨਕ ਨੂੰ ਜਾਣਨ ਲਈ ਮੈਨੂੰ ਹਿੰਦੂ ਸਿਖ ਮੋਮਨ ਨਹੀ,
ਸਚਾ ਕਿਰਤੀ ਹੋਣਾ ਪੈਣਾ, ਮਿੱਟੀ ਚ ਮਿੱਟੀ ਹੋਣਾ ਪੈਣਾ
---ਬੁਧ ਹੋਣਾ ਵੀ ਔਖਾ ਹੈ
ਪਰ ਨਾਨਕ ਹੋਣਾ ਬਹੁਤ ਔਖਾ
ਸਫ਼ਰ ਦੀ ਗ਼ਰਦ, ਸੁਲਖਣੀ ਦੀ ਝੋਲੀ ਬਰਕਤ ਬਣ ਡਿਗਦੀ
ਓਹ ਤ੍ਰਿਪਤਾ ਦੇ ਪੁਤਰ ਨੂੰ, ਖਾਮੋਸ਼ੀ ਨਾਲ ਉਡੀਕਦੀ
ਨਾਨਕ ਜ਼ਰੇ ਜ਼ਰੇ ਵਿਚ ਸਾਹ ਲੈਂਦਾ
ਬ੍ਰਹਿਮੰਡ ਗਾਹ ਲੈਂਦਾ
ਤੇ ਹਰ ਉਦਾਸੀ ਤੋਂ ਬਾਦ ਘਰ ਪਰਤ ਆਉਂਦਾ
ਤੇ ਹਰ ਉਦਾਸੀ ਤੋਂ ਬਾਦ ਘਰ ਪਰਤ ਆਉਂਦਾ-