ਮੁਤਰੰਨਮ ਰਸਿਕ ਹਿਲੋਰਿਆਂ ਨੂੰ,
ਮੂੰਹ-ਜ਼ੋਰ ਦਿਲੀ ਅਰਮਾਨਾਂ ਨੂੰ,
ਨੱਚਦੇ ਭਾਵਾਂ ਦੇ ਵਿਚ ਸਮੋ,
ਮੈਂ ਆਪ ਮੁਹਾਰਾ ਗਾਣ ਲੱਗਾ ।
ਤੂਫ਼ਾਨ ਕੋਈ ਵਲਵਲਿਆਂ ਦਾ,
ਪ੍ਰੀਤਾਂ ਦੀ ਗੋਦੇ ਪਲਿਆਂ ਦਾ,
ਬਿਹਬਲ ਤਾਨਾਂ ਦਾ ਰੂਪ ਵਟਾ,
ਮੈਨੂੰ ਅਪਣੇ ਵਿਚ ਵਹਾਣ ਲੱਗਾ ।
ਮੈਂ ਵਹਿੰਦਾ ਜਾਂ, ਮੈਂ ਵਹਿੰਦਾ ਜਾਂ,
ਬੇਹੋਸ਼ੀ ਵਿਚ ਕੁਝ ਕਹਿੰਦਾ ਜਾਂ,
ਨਾ ਪਤਾ ਕਿ ਕੀ ਹਾਂ ਆਖ ਰਿਹਾ,
ਨਹੀਂ ਖ਼ਬਰ ਕਿ ਕਿਹਨੂੰ ਸੁਨਾਣ ਲੱਗਾ ।
ਉਹ ਰੂਪ ਤਸੱਵਰ ਵਿਚ ਜਿਹਨੂੰ,
ਮੈਂ ਰੋਜ਼ ਅਜ਼ਲ ਦੇ ਅੰਕਿਆ ਸੀ,
ਉਹ ਏਸ ਬੇਹੋਸ਼ੀ ਅੰਦਰ ਵੀ,
ਅਣ-ਸੋਚੀ ਹਲ-ਚਲ ਲਿਆਣ ਲੱਗਾ ।
ਲਿਸ਼ਕਾਰ ਜਿਧਰ ਉਹ ਪਾਂਦਾ ਏ,
ਲੱਖ ਮੋਅਜਜ਼ਾ ਹੋ ਹੋ ਜਾਂਦਾ ਏ,
ਜਾਦੂ ਉਨ੍ਹਾਂ ਨੈਣ ਨਸ਼ੀਲਿਆਂ ਦਾ,
ਹਰ ਕਿਣਕੇ ਨੂੰ ਨਸ਼ਿਆਣ ਲੱਗਾ ।
ਇਹ ਸੂਰਜ, ਇਹ ਚੰਨ, ਇਹ ਤਾਰੇ,
ਮੇਰਾ ਗੀਤ-ਅਸਰ ਲੈ ਕੇ ਸਾਰੇ,
ਨੱਚ ਰਹੇ ਅਨੰਤ ਆਦਿ ਤੋਂ ਹਨ,
ਮੈਂ ਅੱਜ ਇਹ ਰਾਜ਼ ਉਘੜਾਣ ਲੱਗਾ ।
ਮੇਰੀ ਵਿਸਮਾਦੀ ਸੁੰਦਰਤਾ,
ਮਨ-ਮੋਹਕ ਰੂਹ ਦੀ ਨਿਰਮਲਤਾ,
ਨਿਖਰੀ ਹੈ ਫਿਰ ਸਜਰਾਈ ਲੈ,
ਹੜ੍ਹ ਜਲਵਿਆਂ ਦਾ ਜੇ ਆਣ ਲੱਗਾ ।