ਮੇਰਾ ਹਰ ਸ਼ਬਦ ਕਵਿਤਾ ਹੈ
ਸਮੁੰਦਰ ਮੇਰੀ ਸਿਆਹੀ ਹੈ
ਤੇ ਅੰਬਰ ਮੇਰਾ ਵਰਕਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਜਦੋਂ ਤੋਂ ਝੀਲ ਨੀਲੀ ਨੇ
ਬਲੌਰੀ ਅੱਖ ਖੋਹਲੀ ਹੈ
ਤੇ ਵਗਦੇ ਪਾਣੀਆਂ ਉੱਤੇ
ਸਮੇਂ ਦੀ ਕਿਸ਼ਤੀ ਡੋਲੀ ਹੈ
ਲਹਿਰ ਲਹਿਰਾ ਕੇ ਉਠਦੀ ਹੈ
ਮਨਾਂ ਵਿਚ ਆਸ ਜਗਦੀ ਹੈ
ਦਿਲਾਂ ਦਾ ਕਮਲ ਖਿੜਦਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਧਰੂ ਤਾਰੇ ਦੀ ਮੱਧਮ ਲੋਅ
ਜੋ ਸੁਫਨੇ ਵਾਂਗ ਚਲਦੀ ਹੈ
ਮੇਰਾ ਆਕਾਸ਼ ਮੱਲਦੀ ਹੈ
ਇਹ ਰੂਹ ਰੰਗਾਂ 'ਚ ਰਲਦੀ ਹੈ
ਜੋ ਸੁਰਖੀ ਸੋਚ ਬਣਦੀ ਹੈ
ਚੇਤਨਾ ਤਾਣਾ ਤਣਦੀ ਹੈ
ਕਿ ਮੌਲਣਹਾਰ ਪੱਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ।
ਜਿਵੇਂ ਦਿਓਦਾਰ ਨੂੰ ਦਿੱਤੀ
ਕਿਸੇ ਪਰਬਤ ਨੇ ਆ ਗੁੜਤੀ
ਵਿਸਾਰੇ ਚੇਤਿਆਂ ਵਿਚੋਂ
ਕਦੇ ਘਾਟੀ ਨਹੀਂ ਭੁਲਦੀ
ਕਿ ਝਰਨਾ ਝਰਝਰਾਂਉਂਦਾ ਹੈ
ਪੁਰਾਣੀ ਬਾਤ ਪਾਉਂਦਾ ਹੈ
ਹੁੰਗਾਰਾ ਰੱਤ ਰੱਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਸਰਾਪੀ ਰੁੱਤ ਆਉਂਦੀ ਹੈ
ਸੰਤਾਪੀ ਧਰਤ ਜਾਂਦੀ ਹੈ
ਉਨੀਂਦੇ ਪੱਤਿਆਂ ਉੱਤੇ
ਪਏ ਤੇਜਾਬ ਦੇ ਛਿੱਟੇ
ਤਾਂ ਜੰਗਲ ਸ਼ੂਕ ਉਠਦੇ ਨੇ
ਤੇ ਪੱਥਰ ਕੂਕ ਪੈਂਦੇ ਨੇ
ਹੋ ਜਾਂਦਾ ਸਵਰ ਤੱਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਸਗਲ ਬ੍ਰਹਿਮੰਡ ਹੈ ਇਕ ਘਰ
ਤੇ ਅੰਬਰ ਇਕ ਚੋਬਾਰਾ ਹੈ
ਜੁ ਪਹਿਰੇਦਾਰੀਆਂ ਕਰਦਾ
ਸੂਰਜ ਚੰਨ ਸਿਤਾਰਾ ਹੈ
ਜੁ ਤਾਰਾ ਰਾਹ ਦਸੇਰਾ ਹੈ
ਸਾਰਾ ਆਕਾਸ਼ ਮੇਰਾ ਹੈ
ਤੇ ਹਰ ਕਿਣਕੇ ਦਾ ਨਾਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ।