ਮਾਪਿਆਂ ਤੇਰੀ ਕਿਰਪਾ ਦੇ ਨਾਲ, ਨਾਂ ਰਖਿਆ ਸਤਿਬੀਰ ਮੇਰਾ।

ਅੱਖਰੀ ਅਰਥ, ਸੱਚਾਈ ਦੇ ਲਈ, ਲੜਨ ਵਾਲਾ ਸੂਰਬੀਰ ਮੇਰਾ॥

ਸੱਚ ਦੇ ਲਈ ਤਾਂ ਲੜ ਜਾਵਾਂ, ਸੱਚ ਤੂੰ ਹੀ ਹੈਂ ਹੋਰ ਕੁਝ ਵੀ ਨਹੀਂ।

ਕਿੰਝ ਤੇਰੇ ਲਈ ਤੇਰੇ ਨਾਲ ਲੜਾਂ ਸਭ ਤੂੰ ਹੀ ਹੈਂ ਹੋਰ ਕੁਝ ਵੀ ਨਹੀਂ

ਲੇਕਿਨ ਮੈਂ ਲੜਨਾ ਚਾਹੁੰਦਾ ਹਾਂ, ਮੇਰੀ ਹਸਤੀ ਨਾਲ, ਮੇਰੀ ਮੈਂ ਦੇ ਨਾਲ।

ਇਸਨੂੰ ਮਿਟਾਇਆਂ ਸਾਂਝ ਬਣੂ, ਤੇਰੀ ਮਸਤੀ ਨਾਲ ,ਤੇਰੀ ਤੈਂ ਦੇ ਨਾਲ॥

ਬੱਸ ਹੌਂਸਲਾ ਦੇ ਜ਼ਜ਼ਬਾਤਾਂ ਨੂੰ , ਉੱਚਾ ਬੋਲਾਂ ਨਾਂ, ਕਦੇ ਡੋਲਾਂ ਨਾਂ।

ਏਸ ਆਪਣੇ ਦਿਲ ਦੀ ਵੇਦਨ ਨੂੰ , ਤੇਰੇ ਬਿਨਾਂ ਕਿਤੇ ਫੋਲਾਂ ਨਾਂ॥

ਹਾਲੇ ਤਾਂ ਘੁੱਪ ਹਨੇਰਿਆਂ ਵਿੱਚ, ਮੈਂ ਵਾਰੀ ਵਾਰੀ ਘਿਰਦਾ ਹਾਂ।

ਥਾਂ ਥਾਂ ਤੇ ਠੋਕਰਾਂ ਖਾ-ਖਾ ਕੇ, ਤੇਰੇ ਦਰ ਤੇ ਗਿਰਦਾ ਹਾਂ॥

ਸਦਾ ਭਟਕਦਾ ਰਿਹਾ ਹਾਂ ਮੈਂ, ਤੈਨੂੰ ਵੇਖਣ ਲਈ, ਤੈਨੰ ਪਾਉਣ ਲਈ।

ਤੇਰੀ ਕਿਰਪਾ ਅਤਿ ਜਰੂਰੀ ਹੈ, ਤੈਨੰ ਸਮਝਣ ਅਤੇ ਸਮਝਾਉਣ ਲਈ॥

ਮੇਰੀ ਸੋਚ ਹਮੇਸ਼ਾ ਉਲਝੀ ਰਹੀ, ਆਪਣੇ ਬੇਗਾਨੇ ਧਰਮਾਂ ਵਿੱਚ।

ਰੁੱਝਿਆ ਰਿਹਾ ਹਾਂ ਅੱਜ ਤੀਕਰ, ਫੋਕੇ ਕਾਂਡਾ ਵਿੱਚ, ਫੋਕੇ ਕਰਮਾਂ ਵਿੱਚ,

ਕਦੇ ਡਰ ਕੇ ਤੈਨੂੰ ਪੂਜ ਲਿਆ, ਕਦੇ ਲੋਕ ਲਾਜ ਤੇ ਸ਼ਰਮਾ ਵਿੱਚ।

ਸੱਚੇ ਪ੍ਰੇਮ ਦਾ ਵੱਲ ਹੀ ਨਹੀਂ ਸਿੱਖਿਆ, ਕਈ ਜਨਮ ਲੰਘਾਏ ਹਰਮਾਂ ਵਿੱਚ॥

ਮੈਂ ਨਹੀਂ ਪੈਣਾ ਇਹਨਾਂ ਚੱਕਰਾਂ ਵਿੱਚ, ਜਗਾ ਦੇ ਦੇ ਮੈਨੂੰ ਫੱਕਰਾਂ ਵਿੱਚ।

ਤੂੰ ਗੁਰੂ ਗੋਬਿੰਦ ਆਪੇ ਬਣ ਜਾ, ਕਿਉਂ ਬਦੀਨ ਕਰੇ ਮੈਨੂੰ ਟੱਕਰਾਂ ਵਿੱਚ॥

ਮਿਲ ਜਾ ਕਦੇ ਅਚਿੰਤਾ ਹੀ, "ਮੰਡੇਰ" ਨੂੰ  ਉਂਝ ਹੀ ਕੱਕਰਾਂ ਵਿੱਚ,

ਜਿਵੇ ਮਿਲਿਆ ਸਧਨੇ, ਧੰਨੇ ਨੂੰ , ਕਦੇ ਸੁਰਤਾਂ ਵਿੱਚ, ਕਦੇ ਅੱਖਰਾਂ ਵਿੱਚ

📝 ਸੋਧ ਲਈ ਭੇਜੋ