ਮੇਰਾ ਨਿਰਵਾਣ ਕਿੱਥੇ

ਰਾਤ ਦੇ ਪਹਿਰੇ 'ਚ

ਨੀਂਦ ਨੂੰ ਕੰਧਾੜੇ ਚੁੱਕ

ਜਗਰਾਤੇ ਦੇ ਪਰਛਾਵਿਆਂ ਦੀ ਛਾਂਵੇਂ

ਰੋਜ਼ ਨਿਕਲਦੀ ਹਾਂ ਨਿਰਵਾਣ 'ਤੇ

ਨਿਰਵਾਣ

ਜਿਹੜਾ ਰਸੋਈ 'ਚ ਖੜਕਦੇ

ਭਾਂਡਿਆਂ ਤੋਂ ਸ਼ੁਰੂ ਹੁੰਦਾ

ਨਾਸ਼ਤੇ ਦੀ ਬੁਰਕੀ ਵਾਂਗ

ਕਾਹਲੀ-ਕਾਹਲੀ ਖਾਧਾ ਜਾਂਦਾ ਹੈ

ਬੱਚੇ ਦੀ ਜਾਗ ਖੁੱਲ੍ਹਣ ਦੇ ਡਰੋਂ

ਬੋਚ-ਬੋਚ ਪੈਰ ਧਰਦਾ

ਮੇਰੇ ਤੋਂ ਪਹਿਲਾਂ ਹੀ ਹੋ ਜਾਂਦਾ ਹੈ

ਦਹਿਲੀਜ਼ੋਂ ਪਾਰ

ਰੋਜ਼ ਤੁਰਦੀ ਹਾਂ

ਘਰ ਤੇ ਦਫ਼ਤਰ ਦੀ ਵਹਿੰਗੀ ਚੁੱਕੀ

ਉਸ ਮਿਹਨਤਾਨੇ ਦੀ ਭੀਖ ਮੰਗਣ

ਜਿਹੜਾ ਮਹੀਨੇ ਬਾਅਦ ਮਿਲਦਾ ਹੈ

ਤੇ ਮਿਲਦਿਆਂ ਹੀ ਵਟ ਜਾਂਦਾ ਹੈ

ਘਰ ਦੀਆਂ ਕਿਸ਼ਤਾਂ ਦੇ ਚੜ੍ਹਾਵੇ 'ਚ

ਉਹ ਗੌਤਮ ਹੈ

ਮੇਰੇ ਅੰਦਰ

ਜਿਹੜਾ ਇਕ ਦਿਨ ਨਹੀਂ

ਹਰ ਦਿਨ ਵਿਛੜਦਾ ਹੈ ਔਲਾਦ ਤੋਂ

ਖ਼ੁਦ ਨੂੰ ਰੋਜ਼ਗਾਰ ਦੇ ਜੰਗਲ 'ਚ

ਰੋਲ ਕੇ ਵੀ ਮੁਕਤੀ ਨਹੀਂ ਮਿਲਦੀ

ਖਾਲੀ ਹੀ ਰਹਿੰਦਾ ਹੈ

ਖਵਾਹਿਸ਼ਾਂ ਦਾ ਲੋਟਾ

ਲੁਟਦਾ ਹੀ ਜਾਂਦਾ ਹੈ

ਸੁਪਨਿਆਂ ਦਾ ਮਹਿਲ

ਘਰ

ਇਕ ਠਹਿਰਾਅ ਹੈ ਬੱਸ

ਜਿੱਥੇ ਸਿਰਫ਼ ਰਾਤ ਠਹਿਰਦੀ ਹੈ

ਦਿਨ ਬਨਵਾਸ ਭੋਗਦਾ ਹੈ

ਮੈਂ ਬਨਵਾਸ ਦੇ ਘੋੜੇ ਦਾ ਰੱਥ ਹਾਂ ਕੋਈ

ਔਰਤ ਦੀ ਆਜ਼ਾਦੀ ਦਾ ਛਲ

ਲੰਮੀਆਂ ਪੁਲਾਂਘਾਂ ਪੁੱਟਣ ਦਾ ਤਿੜਕਿਆ ਸੁਪਨਾ

ਨਾ ਘਰ ਮਿਲਿਆ

ਨਾ ਸਫ਼ਰ ਮਿਲਿਆ

ਬੱਸ ਘੜੀ ਦਾ ਚੱਕਰ ਮਿਲਿਆ

ਕੀ ਹੈ ਨਿਰਵਾਣ

ਕਾਹਲ 'ਚ ਘਰ ਰਹਿ ਗਿਆ

ਰੋਟੀ ਵਾਲਾ ਡੱਬਾ

ਲੱਤਾਂ ਨੂੰ ਚਿੰਬੜਦੇ ਜਵਾਕ ਨੂੰ

ਵਰਚਾਉਣ ਲਈ ਫੜਾਈ ਟੌਫ਼ੀ

ਜਾਂ

ਪਰਸ ਦੀ ਅੰਦਰਲੀ ਜੇਬ 'ਚ ਸਾਂਭੀ

ਕਰੋਸਿਨ ਦੀ ਗੋਲ਼ੀ

ਮੇਰਾ ਨਿਰਵਾਣ ਕਿੱਥੇ?

📝 ਸੋਧ ਲਈ ਭੇਜੋ