ਕਲੀ ਵਾਂਗ ਮਹਿਕਦਾ, ਬੋਟ ਵਾਂਗ ਚਹਿਕਦਾ,

ਚੰਨ ਚਾਨਣੀ ਵਾਂਗ ਨਿਰਮਲ, ਪਿਆਰ ਵਾਂਗ ਨਿਰਛਲ,

ਇਹ ਮੇਰਾ ਪਿੰਡ ਸੀ।

ਟੋਭੇ ਕੰਢੇ, ਪਿੱਪਲ ਥੱਲੇ, ਸਾਉਣ ਮਹੀਨੇ ਖੂਬ ਬਹਾਰਾਂ,

ਕੱਠੀਆਂ ਹੋਵਣ, ਜੋਬਨ ਮੱਤੀਆਂ ਮੇਰੇ ਪਿੰਡ ਦੀਆਂ ਮੁਟਿਆਰਾਂ,

ਨੱਚਦੀਆਂ, ਟੱਪਦੀਆਂ, ਏਧਰ ਓਧਰ ਭੱਜਦੀਆਂ,

ਜਿਵੇਂ ਫੂਹੜੀਆਂ ਨੇ ਅੱਕ ਦੀਆਂ,

ਬਾਹਰੋ ਬਾਹਰ ਫਿਰਨੀ ਤੇ ਬਾਬੇ ਤਾਸ਼ ਖੇਡਦੇ,

ਇੱਕ ਹੱਥ ਨਾਲ ਬੈਠੇ ਅਟੇਰਨੇ ਨੂੰ  ਗੇੜਦੇ।

ਗੱਭਰੂਆਂ ਦੀ ਇੱਕ ਢਾਣੀ, ਮੋੜ ਤੇ ਗੇੜੇ ਮਾਰਦੀ,

ਜੋਸ਼ ਹੈ ਜਵਾਨੀ ਦਾ, ਦਿਲ ਵਿੱਚ ਉਡੀਕ ਯਾਰ ਦੀ।

ਇੱਕ ਪਾਸੇ ਬੇਬੇ ਬੈਠੀ, ਚੁੱਲ੍ਹਾ ਚੌਂਕਾ ਸਵਾਰਦੀ,

ਅੰਬੋ ਰਾਤੀਂ ਪਾਵੇ ਬਾਤਾਂ, ਮੂਰਤ ਪਿਆਰ ਦੀ।

ਕੀੜਾ ਅਮਲੀ ਲੱਗ ਖੂੰਜੇ, ਮੂੰਹ ਲਟਕਾਈ ਬੈਠਾ ਜਿਵੇਂ,

ਧੀ ਉੱਧਲ ਗਈ ਹੋਵੇ, ਕਿਸੇ ਸ਼ਾਹੂਕਾਰ ਦੀ।

ਮੇਰਾ ਇਹ ਛੋਟਾ ਜਿਹਾ ਪਿੰਡ, ਮਸਤ ਚਾਲ ਚੱਲ ਰਿਹਾ ਸੀ,

ਖੁਸ਼ ਸੀ, ਜਿਹੋ ਜਿਹਾ ਸੀ...

ਇੱਕ ਦਿਨ ਨਫ਼ਰਤ ਦਾ ਜ਼ਹਿਰ, ਖ਼ੌਰੇ ਕਿਸਨੇ ਫੈਲਾ ਦਿੱਤਾ,

ਜਿਓਾ ਆਲ੍ਹਣੇ ਬੈਠੇ ਬੋਟ ਨੂੰ , ਕਿਸੇ ਭੱਖੜਾ ਖਵਾ ਦਿੱਤਾ।

ਬੁੱਢਾ ਪਿੱਪਲ ਰੋ ਰਿਹੈ, ਜਿਵੇਂ ਕੋਈ ਉਸ ਕੋਲੋਂ,

ਉਸ ਦੀਆਂ ਤੀਆਂ ਖੋ ਰਿਹੈ।

ਨਸ਼ਿਆਂ ਦੀ ਹਨੇਰੀ ਰਾਤ ਚ, ਪਿੰਡ ਦੀ ਜਵਾਨੀ ਖੋ ਗਈ,

ਤਾਸ਼ ਖੇਡਦੇ ਬਾਬਿਆਂ ਦੀ, ਬਾਜੀ ਪੂਰੀ ਹੋ ਗਈ।

ਪਿੰਡ ਦੇ ਵਸਨੀਕਾਂ ਨੂੰ  ਤਰੱਕੀ ਦਾ ਨਾਗ ਲੜ ਗਿਆ,

ਹੱਕ, ਸੱਚ, ਈਮਾਨ ਦਾ ਨਾਂ, ਵਾਂਗ ਪਰਾਲੀ ਸੜ ਗਿਆ।

ਆਇਓ ਵੇ ਕਲਮਾਂ ਵਾਲਿਓ, ਆਇਓ ਵੇ ਧਰਮਾਂ ਵਾਲਿਓ,

ਆਇਓ ਵੇ ਅਕਲਾਂ ਵਾਲਿਓ, ਆਇਓ ਵੇ ਮਜ਼੍ਹਬਾਂ ਵਾਲਿਓ,

ਕੋਈ ਛੇੜੋ ਤਰਾਨਾ ਪਿਆਰ ਦਾ, ਕੋਈ ਗੀਤ ਸੱਭਿਆਚਾਰ ਦਾ,

ਆਓ ਕੋਈ ਦਰਵੇਸ਼ ਬਣ, ਇਹ ਪੁੰਨ ਕਮਾ ਲਓ,

ਮੇਰੇ ਪਿੰਡ ਨੂੰ  ਬਚਾ ਲਓ, ਮੇਰੇ ਦੇਸ਼ ਨੂੰ  ਬਚਾ ਲਓ...

📝 ਸੋਧ ਲਈ ਭੇਜੋ