ਜਦ ਮਜਬੂਰ ਹੋ ਕੇ ਹੱਥ ਮੇਰਾ ਕਲਮ ਚੁੱਕਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।
ਟਹਿਣੀ ਨਾਲੋਂ ਕਲੀ ਜਦ ਕੋਈ ਟੁੱਟੀ ਵੇਖਦਾ ਹਾਂ,
ਤਲੀ ਤੇ ਮਸ਼ਲਕੇ ਜਮੀਨ ਤੇ ਸੁੱਟੀ ਵੇਖਦਾ ਹਾਂ,
ਜਦ ਹੱਸਦੇ -ਵੱਸਦੇ ਬੂਟੇ ਨੂੰ ਜੜ੍ਹੋਂ ਕੋਈ ਪੁੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।
ਰੁੱਖਾਂ -ਫਸਲਾਂ ਨੂੰ ਹਵਾ ਸੰਗ ਲਹਿਰਾਉਂਦੇ ਵੇਖਦਾ ਹਾਂ,
ਪਸੂ-ਪੰਛੀਆਂ ਨੂੰ ਲਵ ਦੇ ਗੀਤ ਗਾਉਂਦੇ ਵੇਖਦਾ ਹਾਂ,
ਜਦ ਬਹਾਰਾਂ ਵਾਲਾ ਹਸੀਨ ਮੌਸਮ ਦਿਲ ਲੁੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।
ਗਰੀਬੀ ਦੀ ਦਲਦਲ ਚ ਤੜਫਦੀ ਜਾਨ ਵੇਖਦਾ ਹਾਂ,
ਹੌਂਕੇ-ਹੰਝੂਆਂ ਨਾਲ ਬਲਦੀ,ਜਦੋਂ ਸਮਸਾਨ ਵੇਖਦਾ ਹਾਂ,
ਮਾਰ ਕੇ ਦੁਹੱਥੜਾ ਜੋਰ ਨਾਲ, ਜਦ ਕੋਈ ਪਿੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।
ਲੁਟੇਰਿਆਂ ਦੇ ਜਦੋਂ ਉੱਚੇ ਉੱਚੇ ਮੁਨਾਰੇ ਵੇਖਦਾ ਹਾਂ,
ਤੇ ਕਿਰਤੀਆਂ ਦੇ ਜਦੋਂ ਕੱਚੇ ਕੱਚੇ ਢਾਰੇ ਵੇਖਦਾ ਹਾਂ,
ਮਿਹਨਤਾਂ ਦਾ ਮੁੱਲ ਜਦ, ਕੌਡੀ ਕੋਈ ਚੁੱਕਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।
ਪਾਖੰਡੀ ਬਾਬਿਆਂ ਦਾ ਜਦੋਂ ਵੱਡਾ ਜਾਲ ਵੇਖਦਾ ਹਾਂ,
ਤੇ ਭਰਮਾਂ ਚ ਫਸੇ ਲੋਕਾਂ ਦਾ ਬੁਰਾ ਹਾਲ ਵੇਖਦਾ ਹਾਂ,
ਧਰਮਾਂ ਦਾ ਠੇਕੇਦਾਰ ਜਦੋਂ, ਲੋਕਾਂ ਨੂੰ ਲੁੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।
ਜਦੋਂ ਤਕੜੇ ਦਾ ਮਾੜੇ ਤੇ ਲੱਗਿਆ ਤਮਾਚਾ ਵੇਖਦਾ ਹਾਂ,
ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਵੇਖਦਾ ਹਾਂ,
ਜਦ ਤਾਕਤ ਦੇ ਜ਼ੋਰ ਤੇ ਕਿਸੇ ਨੂੰ ਕੋਈ ਕੁੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।
ਰੱਬ ਦੇ ਨਾਮ ਤੇ ਜਦ, ਲੋਕਾਂ ਨੂੰ ਲੜਦੇ ਵੇਖਦਾ ਹਾਂ,
ਨਫ਼ਰਤਾਂ ਦੀ ਜਾਨਲੇਵਾ ਅੱਗ ਚ ਸੜਦੇ ਵੇਖਦਾ ਹਾਂ,
ਮੁਹੱਬਤ ਦੀ ਮੂਰਤ ਦਾ ਜਦ, ਗਲ ਕੋਈ ਘੁੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।
ਜਦੋਂ ਨਸ਼ੇ ਤੇ ਹਵਸ਼ ਦਾ ਵਗਦਾ ਦਰਿਆ ਵੇਖਦਾ ਹਾਂ,
ਤੇ ਅੱਜ ਦੇ ਨੌਜਵਾਨਾਂ ਨੂੰ ਵਿੱਚ ਗਿਰਿਆ ਵੇਖਦਾ ਹਾਂ,
ਸਿੱਧੂ' ਇਸ ਚ ਡੁੱਬ ਕੇ ਜਦ ਕਿਸੇ ਦਾ ਸਾਹ ਟੁੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏੇ।