ਬੜੇ ਚਿਰ ਤੋਂ ਸੁੱਤਾ ਜਾਗਿਆ
ਉਹ ਬਾਂਹ ਫੜ ਹਿਲਾਉਣ ਮੈਨੂੰ ।
ਕਹਿੰਦੇ ਚਲਾ ਗਿਆ ਉਹ ਚਲਾ ਗਿਆ
ਚੁੱਕ ਧਰਤੀ ਲੱਗੇ ਲਿਟਾਉਣ ਮੈਨੂੰ ।
ਮੇਰਾ ਸਰੀਰ ਮੇਰੇ ਸਾਹਮਣੇ
ਤੇ ਉਹ ਉੱਚੀ ਉੱਚੀ ਰੋਣ ਮੈਨੂੰ ।
ਮੈਂ ਕਿਹਾ ਮੈਂ ਕੋਲ ਖੜ੍ਹਾ
ਉਹ ਫਿਰ ਵੀ ਨਾ ਬੁਲਾਉਣ ਮੈਨੂੰ ।
ਇੰਞ ਜਾਪੇ ਕਿ ਮੈਂ ਰੁੱਸ ਗਿਆ
ਤੇ ਉਹ ਰੁੱਸੇ ਨੂੰ ਮਨਾਉਣ ਮੈਨੂੰ ।
ਫਿਰ ਕਰ ਇਕੱਠੇ ਆਪਣੇ
ਲੱਗੇ ਉਹ ਦਿਖਾਉਣ ਮੈਨੂੰ ।
ਇੰਨੇ ਨੂੰ ਮੇਰੇ ਆਪਣੇ ਹੀ
ਲੈ ਪਾਣੀ ਲੱਗੇ ਨਹਾਉਣ ਮੈਨੂੰ ।
ਨਹਾ ਧੋ ਕਰ ਸਾਫ਼ ਪਿੰਡਾ
ਨਵੇਂ ਲੀੜੇ ਲੱਗੇ ਪਵਾਉਣ ਮੈਨੂੰ ।
ਇੰਞ ਸਜਾਇਆ ਮੇਰੇ ਜਨਾਜ਼ੇ ਨੂੰ
ਜਿਵੇਂ ਲੱਗੇ ਕਿਤੇ ਵਿਆਹੁਣ ਮੈਨੂੰ ।
ਲੈ ਚੱਲੇ ਜਨਾਜ਼ਾ ਚੁੱਕ ਮੇਰਾ
ਸ਼ਬਦ ਅੱਲ੍ਹਾ ਅੱਲ੍ਹਾ ਸੁਣਾਉਣ ਮੈਨੂੰ ।
ਲੈ ਆਏ ਵਿਚ ਕਬਿਰਸਤਾਨ ਦੇ
ਨਵੀਂ ਕਬਰ ਲੱਗੇ ਬਣਾਉਣ ਮੈਨੂੰ ।
ਪੁੱਟੀ ਕਬਰ 'ਚ ਪਹਿਲਾਂ ਪੜ੍ਹ ਕਲਮਾਂ
ਰੱਖ ਕਬਰ ਲੱਗੇ ਦਫਨਾਉਣ ਮੈਨੂੰ ।
ਮੈਂ ਰੋਇਆ ਮੇਰੀ ਸੁਣੀ ਕਿਸੇ ਨਾ
ਉਲਟਾ ਆਪਣਾ ਬੋਲ ਸੁਣਾਉਣ ਮੈਨੂੰ ।
ਮੇਰੇ ਆਪਣੇ ਮੇਰੀ ਜਾਨ ਸੀ ਜੋ
ਅੱਜ ਆਏ ਮਿੱਟੀ ਮਿਲਾਉਣ ਮੈਨੂੰ ।
ਸਾਹ ਮੁੱਕ ਜਾਂਦੇ ਰਿਸ਼ਤੇ ਟੁੱਟ ਜਾਂਦੇ
ਲੱਗੇ ਸਬਕ ਅੱਜ ਸਿਖਾਉਣ ਮੈਨੂੰ ।