ਮੈਨੂੰ ਨਿੰਦ ਲਓ ਨਿੰਦਿਓ ਨਾ ਵਤਨ ਮੇਰਾ,

ਸੋਨ ਚਿੜੀ ਸੀ ਇਹ ! ਸੋਨ ਚਿੜੀ ਹੈ ਇਹ

ਸਾਮਰਾਜ ਦੀ ਖੋਤੀ ਸੀ ਜੋ ਸਦੀਆਂ,

ਸਾਮਰਾਜੀਆਂ ਦੀ ਤਾਹੀਓਂ ਸਿੜ੍ਹੀ ਹੈ ਇਹ

ਸੂਰਜ ਚੜ੍ਹੇ ਤੋਂ ਸੌਣ ਦੀ ਸੇਜ ਛੱਡ ਕੇ,

ਇਹਦਾ ਕਿਰਤੀਆਂ ਆਂਗਣ ਸਵਾਰ ਦੇਣੈ

ਇਹਦਾ ਕੀ ਕਸੂਰ ਹੈ ਜੇ ਇਹਨੇ,

ਸਿਰ ਦੇ ਵਾਲਾਂ ਤੋਂ ਬਹੁਤਾ ਉਧਾਰ ਦੇਣੈ

ਪੂੰਜੀਵਾਦ ਜੇ ਪੈਂਦਾ ਨਾ ਬਾਦ ਇਹਦੇ,

ਬਾਦਵਾਨਾਂ ਨੂੰ ਲੈਣ ਨਾ ਸਾਹ ਦੇਂਦੀ

ਮਿਰਜ਼ਾ ਕਾਠੀ 'ਤੇ ਨੀਂਦਰਾ ਲਾਹ ਲੈਂਦਾ,

ਬੱਕੀ ਚੰਦੜਾਂ ਨੂੰ ਨਾ ਸੀ ਡਾਹ ਦੇਂਦੀ

ਜੋਬਨ ਫ਼ਸਲਾਂ ਦਾ ਲਾਲਾਂ ਦੀ ਪਾਏ ਭਿੱਛਿਆ,

ਅਸੀਂ ਜੋਗੀੜੇ ਰਮਜ਼ ਪਛਾਣਦੇ ਨਹੀਂ

ਪਿੰਡੇ ਪਾਲਦੇ ਪਹਿਆਂ ਦੀ ਪੀਕ ਖਾ ਕੇ,

ਅਸੀਂ ਘੱਟਾ ਵਲੈਤਾਂ ਦਾ ਛਾਣਦੇ ਨਹੀਂ

ਮੇਰੀ ਧਰਤੀ ਦੇ ਲਾਲਾਂ ਦੇ ਸ਼ੇਸ਼ਨਾਗੋ,

ਰੱਜ ਕੇ ਲੀਡਰਾਂ ਨੂੰ ਨਾ ਨੋਟ-ਵੋਟ ਪਾਓ

ਮੇਰੀ ਯਾਰੀ ਦੀ ਲੱਜ ਹੈ ਤਾਂ ਰਹਿੰਦੀ,

ਰੱਜ ਕੇ ਕਾਮਿਓ ਇਨ੍ਹਾਂ ਨੂੰ ਤੋਟ ਪਾਓ

ਰੋਜ਼ ਜਿੰਨਿਆਂ ਕਾਮਿਆਂ ਨੂੰ ਰੱਖ ਨ੍ਹੇਰੇ,

ਪੂੰਜੀਵਾਦ ਦੀ ਡੈਣ ਡਕਾਰ ਜਾਂਦੀ

ਲਾਲ ਲੋਅ ਲਈ ਲੋਕ ਜੇ ਲੜਨ ਇੰਨੇ,

ਜਿੱਤ ਹੋਵੇ ਯਕੀਨੀਂ ਨਾ ਹਾਰ ਆਉਂਦੀ

📝 ਸੋਧ ਲਈ ਭੇਜੋ