ਮੇਰੇ ਆਲ ਦੁਆਲੇ ਰੇਖਾ ਖਿੱਚ ਗਿਆ

ਮੇਰੇ ਆਲ ਦੁਆਲੇ ਰੇਖਾ ਖਿੱਚ ਗਿਆ ਕੋਈ ਆਣ

ਮੈਂ ਯਾਦਾਂ ਦੇ ਘੇਰੇ ਅੰਦਰ, ਖੁਦ ਫਸਿਆ ਨਹੀਂ ਜਾਣ ਕੇ

ਕਾਲੇ ਬਸਤਰ ਪਹਿਨੀ ਮੇਲੇ ਵਿਚ ਜਾਦੂਗਰ ਆਇਆ ਸੀ,

ਤੇ,ਉਸਨੇ ਮੈਨੂੰ ਲੱਭ‌ ਲਿਆ ਸੀ, ਭੀੜ ਵਿਚੋਂ ਪਹਿਚਾਣ ਕੇ

ਅੱਜ ਕੱਲ ਜੋ ਵੀ ਲਿਖਣਾ, ਗਾਉਣਾ ਬਿਲਕੁਲ ਮੇਰੇ ਵੱਸ ਨਹੀਂ,

ਆਪਣੇ ਆਪ ਹੀ ਲਿਖ ਹੋ ਜਾਵੇ, ਉਹ ਜੋ ਕਹਿੰਦੈ ਆਣ ਕੇ

ਇਸ਼ਕ ਦੇ ਅੰਦਰ ਸੋਚ, ਦਲੀਲਾਂ, ਅਕਲਾਂ ਦਾ ਕੋਈ ਕੰਮ ਨਹੀਂ,

ਇਸ਼ਕ ਦੇ ਅੰਦਰ ਕੁਝ ਨਹੀਂ ਹੁੰਦਾ,ਪਹਿਲਾਂ ਮਨ ਵਿਚ ਠਾਣ ਕੇ

ਯਾਰ ਦੇ ਹੱਥੋਂ ਮਿਲਦੇ ਅੰਮ੍ਰਿਤ ਤੇ ਵੀ ਕਰਨੀ ਸ਼ੱਕ ਉਨ੍ਹੇ,

ਜਿਹੜਾ ਪੀਂਦੈ, ਘਰ ਦਾ ਪਾਣੀ, ਵੀ, ਪਾਣੀ ਚੋਂ ਛਾਣ ਕੇ

ਮੈਨੂੰ ਆਪਣਾ ਵੀ ਆਖੇਂ, ਤੇ, ਕਰਦੈਂ ਪਰਦਾਪੋਸ਼ੀ ਵੀ, 

ਏਦਾਂ ਤਾਂ ਨਹੀਂ ਕਰਦੇ ਹੁੰਦੇ, ਮਹਿਰਮ ਜੀ, ਪਰਵਾਣ ਕੇ

ਮੈਂ ਤਾਂ ਇਸ਼ਕ ਦੀ ਪਰਿਭਾਸ਼ਾ ਨੂੰ, ਕੁਰਬਾਨੀ ਹੀ ਪੜਿਆ ਹੈ,

ਤੇ, ਹਵਸਾਂ ਮਾਰੇ ਪੜਦੇ ਦੇਖੇ, ਨੇ, ਮੈਂ ਕਬਜ਼ਾ ਜਾਣ ਕੇ

📝 ਸੋਧ ਲਈ ਭੇਜੋ