ਮੇਰੇ ਅੰਦਰ ਵੀ ਚੱਲਦੀ ਹੈ

ਮੇਰੇ ਅੰਦਰ ਵੀ ਚੱਲਦੀ ਹੈ ਇਕ ਗੁਫ਼ਤਗੂ

ਜਿੱਥੇ ਮੇਰੇ ਲਫਜ਼ਾਂ 'ਚ ਢਲਦਾ ਹੈ ਮੇਰਾ ਲਹੂ

ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ

ਜਿੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ

ਮੇਰੇ ਅੰਦਰ ਅਵਾਜ਼ਾਂ ਤਾਂ ਹਨ ਬੇਪਨਾਹ

ਮੇਰੇ ਮੱਥੇ 'ਚ ਪਰ ਅਕਲ ਦਾ ਤਾਨਾਸ਼ਾਹ

ਸਭ ਅਵਾਜ਼ਾਂ ਸੁਣੂੰ ਕੁਝ ਚੁਣੂੰ ਫਿਰ ਬੁਣੂੰ

ਫਿਰ ਬਿਆਨ ਆਪਣਾ ਕੋਈ ਜਾਰੀ ਕਰੂ

ਪਰਤ ਉਤਰੀ ਤਾਂ ਮੈਂ ਕਾਮ ਮੋਹ ਲੋਭ ਸਾਂ

ਹੋਰ ਉਤਰੀ ਤਾਂ ਜਲ ਖਾਕ ਅੱਗ ਪੌਣ ਸਾਂ

ਇਸ ਤੋਂ ਪਹਿਲਾਂ ਕਿ ਲੱਗਦਾ ਪਤਾ ਕੌਣ ਹਾਂ

ਹੋ ਗਿਆ ਹੋਂਦ ਆਪਣੀ ਤੋਂ ਹੀ ਸੁਰਖਰੂ

ਖਾਕ ਸੀ ਪੁਸ਼ਪ ਸੀ ਨੀਰ ਸੀ ਅਗਨ ਸੀ

ਬਾਝ ਪਹਿਰਾਵਿਆਂ ਵੀ ਕਦੋਂ ਨਗਨ ਸੀ

ਬੱਸ ਇਹ ਬੰਦੇ ਨੇ ਪੱਤੇ ਜਦੋਂ ਪਹਿਨ ਲਏ

ਹੋ ਗਈ ਨਗਨਤਾ ਦੀ ਕਹਾਣੀ ਸ਼ੁਰੂ

ਕਿੰਨੇ ਚਸ਼ਮੇ ਤੇ ਕਿੰਨੇ ਹੀ ਜੁਆਲਾਮੁੱਖੀ

ਕਿੰਨੀ ਕੋਮਲ ਅਤੇ ਕਿੰਨੀ ਖੂੰਖਾਰ ਵੀ

ਤੇਰੀ ਕੁਦਰਤ ਹੈ ਫੁੱਲ ਤੇ ਪਈ ਤਰੇਲ ਵੀ

ਤੇਰੀ ਕੁਦਰਤ ਹੀ ਹੈ ਹਿਰਨੀਆਂ ਦਾ ਲਹੂ

ਏਨੀ ਬੰਦਿਸ਼ 'ਚੋਂ ਬੰਦੇ ਨੇ ਕੀ ਲੱਭਿਆ

ਕੋਈ ਜੁਆਲਾਮੁੱਖੀ ਦਿਲ ਹੈ ਦੱਬਿਆ

ਏਸ ਅਗਨੀ ਨੂੰ ਸੀਨੇ 'ਚ ਹੀ ਰਹਿਣ ਦੇ

ਤਾ ਹੀ ਚੁੱਲ੍ਹਾ ਬਲੂ ਤਾਂ ਹੀ ਦੀਵਾ ਜਗੂ

ਮੈਂ ਨਹੀਂ ਮੰਨਦਾ ਸਾਂ ਨਹੀਂ ਜਾਣਦਾ

ਕਿ ਜਦੋਂ ਮੈਨੂੰ ਚੀਰੋਗੇ ਆਰੇ ਦੇ ਸੰਗ

ਇਕ ਅਸਹਿ ਚੀਸ ਹੋ ਇਕ ਅਕਹਿ ਦਰਦ ਬਣ

ਮੇਰੇ ਅੰਦਰੋਂ ਵੀ ਨਿਕਲੇਗਾ ਵਾਹਿਗੁਰੂ

ਮੈਂ ਹੀ ਮੈਂ ਜਦ ਕਿਹਾ ਤਾਂ ਖਮੋਸ਼ੀ ਤਣੀ

ਰੁੱਖ ਲੱਗੇ ਧੁਖਣ, ਪੌਣ ਧੂੰਆਂ ਬਣੀ

ਜਦ ਮੈਂ ਆਪਾਂ ਕਿਹਾ, ਪੱਤੇ ਬਣ ਗਏ ਸੁਰਾਂ

ਹੋਈ ਜੰਗਲ ਦੇ ਵਿਚ ਕੂਹੂਕੂ-ਕੂਹੂਕੂ

📝 ਸੋਧ ਲਈ ਭੇਜੋ