ਮੇਰੇ ਚੋਂ ਮੈਂ

ਇੰਝ ਕਿਤੇ ਹੋਵੇ ਨਾ ਕਿ 

ਚੇਤਿਆਂ ਵਿਸਾਰ ਤੈਨੂੰ

ਮੇਰੀਆਂ ਰਗਾਂ ਵਿੱਚ ਵਹਿੰਦੀ

ਸਾਹਾਂ ਵਾਲੀ ਡੋਰ ਮੁੱਕ ਜੇ

ਕੁੱਝ ਇਸ ਤਰਾਂ ਮਿਲੀ, ਮਹਿਰਮਾ

ਤੂੰ ਮੇਰੇ ਚ' ਰਹੇਂ ਤੇ,ਮੇਰੇ ਚੋਂ ਮੈਂ ਮੁੱਕ ਜੇ

ਤੈਥੋਂ ਉਹਲਾ ਨਾ ਕੋਈ

ਸੁਣ ਮੇਰੀ ਅਰਜ਼ੋਈ

ਨਵੇਂ ਫੁੱਟੇ ਫੁੱਲ ਜਿਹੀਆਂ

ਹਰੀਆਂ ਉਮੀਦਾਂ ਮੇਰੀਆਂ

ਝੜੇ ਪੱਤਿਆਂ ਦੇ ਵਾਂਗ

ਨਾ ਜਾਣ ਸੁੱਕ ਵੇ

ਕੁੱਝ ਇਸ ਤਰਾਂ ਮਿਲੀ ਮਹਿਰਮਾ

ਤੂੰ ਮੇਰੇ ' ਰਹੇਂ ਤੇ, ਮੇਰੇ ਚੋਂ ਮੈਂ ਮੁੱਕ ਜੇ

ਨਾ ਸੋਚਾਂ ਕੁਝ ਹੋਰ ਬਸ

ਤੇਰੇ ਬਾਰੇ ਸੋਚਦੀ ਹਾਂ

ਤੇਰੇ ਮਿਲਾਪ ਵਾਲੀ ਘੜੀ

ਮੈਂ ਹਰ ਪਲ ਲੋਚਦੀ ਹਾਂ

ਤੇਰੇ ਬਿਨਾਂ ਸੁੱਕੀ ਜੜ ਵਾਲਾ

ਨਿਪੱਤਰਾ ਮੈਂ ਰੁੱਖ ਵੇ

ਕੁੱਝ ਇਸ ਤਰਾਂ ਮਿਲੀ ਮਹਿਰਮਾ

ਤੂੰ ਮੇਰੇ ' ਰਹੇਂ ਤੇ, ਮੇਰੇ ਚੋਂ ਮੈਂ ਮੁੱਕ ਜੇ

ਮੇਰੇ ਦਿਲ ਦੀਆਂ ਰਮਜ਼ਾਂ ਨੂੰ

ਤੂੰ ਹੀ ਬਸ ਜਾਣਦਾ ਹੈਂ

ਮੈਥੋਂ ਵੱਧ ਪਤਾ ਤੈਨੂੰ

ਤੂੰ ਮੈਨੂੰ ਤਾਂ ਪਛਾਣਦਾ ਹੈਂ

ਇੰਝ ਕਿਤੇ ਹੋਵੇ ਨਾ ਕਿ

ਤੇਰੇ ਆਉਣ ਵਾਲੀ ਘੜੀ ਰੁਕ ਜੇ

ਕੁੱਝ ਇਸ ਤਰਾਂ ਮਿਲੀ ਮਹਿਰਮਾ

ਤੂੰ ਮੇਰੇ ' ਰਹੇਂ ਤੇ, ਮੇਰੇ ਚੋਂ ਮੈਂ ਮੁੱਕ ਜੇ

📝 ਸੋਧ ਲਈ ਭੇਜੋ