ਅਸੀਂ ਤਾਂ ਖਪ ਗਏ ਹਾਂ

ਧੂੜ ਵਿਚ ਲਥ-ਪਥ ਤਿਰਕਾਲਾਂ ਦੇ ਢਿੱਡ ਅੰਦਰ

ਅਸੀਂ ਤਾਂ ਛਿਪ ਗਏ ਹਾਂ

ਪੱਥੇ ਹੋਏ ਗੋਹੇ ਦੇ ਉੱਤੇ ਉੱਕਰੀਆਂ ਉਂਗਲਾਂ ਦੇ ਨਾਲ

'ਜਮਹੂਰੀਅਤ' ਦੇ ਪੈਰਾਂ ਵਿਚ ਰੁਲਦੇ ਹੋਏ ਮੇਰੇ ਦੇਸ਼ !

ਸਾਡਾ ਫਿਕਰ ਨਾ ਕਰਨਾ

ਪ੍ਰਸ਼ਨ ਤਾਂ ਠੀਕ ਵੱਡਾ ਹੈ

ਕਿ ਛੱਬੀ ਵਰ੍ਹਿਆਂ ਦੀ ਇਸ ਔੜ ਦੇ ਸਮੇਂ

ਅਸੀਂ ਦੇਸ਼ ਭਗਤ ਕਿਉਂ ਨਾ ਬਣੇ

ਪਰ ਮਿੱਟੀ ਨੇ ਖਾ ਲਈ ਹੈ

ਕਈ ਕਰੋੜ ਬਾਹਵਾਂ ਦੀ ਤਾਕਤ

ਅਤੇ ਫ਼ਲਾਂ ਨੇ ਖਾ ਲਈ ਹੈ

ਕਿਸਾਨਾਂ ਦੇ ਹਿੱਸੇ ਦੀ ਊਰਜਾ,

ਸਾਡੀ ਅਣਖ ਦੇ ਰੁੱਖੜੇ

ਜਿਨ੍ਹਾਂ ਨੇ ਫੈਲ ਕੇ ਕਰਨੀ ਸੀ

ਤੇਰੇ ਤਪਦੇ ਹੋਏ ਮਾਰੂਥਲਾਂ ਤੇ ਛਾਂ

ਦਫ਼ਤਰਾਂ ਵਿਚ ਪਲਦੇ ਸਾਹਨਾਂ ਮਰੁੰਡ ਲਏ

ਮੇਰੇ ਦੇਸ਼, ਕੀ ਹੋ ਸਕਦਾ ਸੀ

ਛੱਬੀ ਸਾਲਾਂ ਦੇ ਇਸ ਨਿੱਕੇ ਜਹੇ

ਲੰਮੇ ਸਮੇਂ ਅੰਦਰ

ਜਦੋਂ ਕਿ ਤਿੰਨ ਵਾਰ ਦਿੱਤੀ ਗਈ ਹੋਏ ਜੁਬਾੜੇ ਪਾੜ ਕੇ

ਮਾਰੂ ਯੁੱਧਾਂ ਦੀ ਨਾਲ੍ਹ,

ਤੇ ਹਰ ਦੂਏ ਸਾਲ ਚੋਣਾਂ ਦੀ ਹੱਟ ਪਾ ਕੇ

ਨਿਸਚਤ ਕਰ ਦਿੱਤੀ ਜਾਵੇ ਸਾਡੇ ਵਿਕਣ ਦੀ ਸ਼ਕਤੀ,

ਮੇਰੇ ਦੇਸ਼ ਕੀ ਹੋ ਸਕਦਾ ਸੀ ਏਹੋ ਜਿਹੇ ਮਾੜੇ ਸਮੇਂ ਅੰਦਰ

ਕਿ ਜਦੋਂ ਪਿੰਡਿਆਂ ਤੇ ਆਉਂਦਾ ਹੈ ਫੁੱਲ ਖਿੜਨ ਦਾ ਮੌਸਮ

ਓਦੋਂ ਵੀ ਸਾਡੇ ਜ਼ਿਹਨ ਵਿਚੋਂ ਰੇਤ ਕਿਰਦੀ ਹੈ…

'ਜਮਹੂਰੀਅਤ' ਦੇ ਪੈਰਾਂ ਵਿਚ ਰੁਲਦੇ ਹੋਏ ਮੇਰੇ ਦੇਸ਼

ਸਾਨੂੰ ਕਿੰਨਾ ਕੁ ਹੋ ਸਕਦਾ ਹੈ

ਤੇਰੇ ਦੁੱਖਾਂ ਦਾ ਇਲਮ ?

ਅਸੀਂ ਤਾਂ ਲੱਭ ਰਹੇ ਹਾਂ ਹਾਲੇ

ਪਸ਼ੂ ਤੇ ਇਨਸਾਨ ਦੇ ਵਿਚ ਫ਼ਰਕ,

ਅਸੀਂ ਝੱਗਿਆਂ 'ਚੋਂ ਜੂਆਂ ਫੜਦੇ ਹੋਏ

ਸੀਨੇ 'ਚ ਪਾਲ ਰਹੇ ਹਾਂ

ਉਸ ਸਰਵ ਸ਼ਕਤੀਮਾਨ ਦੀ ਰਹਿਮਤ,

ਸਾਡੇ ਨਿੱਤ ਫ਼ਿਕਰਾਂ ਦੀ ਭੀੜ ਵਿਚ

ਗਵਾਚ ਗਈ ਹੈ

ਆਦਰਸ਼ ਵਰਗੀ ਪਵਿੱਤਰ ਚੀਜ਼

ਅਸੀਂ ਤਾਂ ਉਡ ਰਹੇ ਨ੍ਹੇਰੀਆਂ ਵਿਚ

ਸੁੱਕੇ ਹੋਏ ਪੱਤਿਆਂ ਦੇ ਵਾਂਗ…

ਅਸੀਂ ਕਾਹੀ ਦੇ ਵਾਂਗ

ਤੇਰੀਆਂ ਮੈਰਾਂ ਦੇ ਵਿਚ ਚੁਪ ਚਾਪ ਉੱਗ ਆਏ

ਤੇ ਲਟ ਲਟ ਬਲਦਿਆਂ ਆਕਾਸ਼ਾਂ ਹੇਠ

ਕੌੜਾ ਧੂੰਆਂ ਬਣ ਕੇ ਫੈਲ ਗਏ

ਤੇ ਹੁਣ ਜੇ ਧੁਆਂਖਿਆ ਜਾਵੇ

ਤੇਰਾ ਵੇਦਾਂ ਦਾ ਫ਼ਲ਼ਸ਼ਫ਼ਾ

ਅਤੇ ਉਪਦੇਸ਼ ਰਿਸ਼ੀਆਂ ਦੇ

ਤਾਂ ਸਾਡਾ ਦੋਸ਼ ਨਹੀਂ ਹੋਣਾ…

ਮੇਰੇ ਦੇਸ਼, ਤੂੰ ਕੁਝ ਵੀ ਨਾ ਕਰ ਸਕਿਆ

ਤੇ ਸਾਡਾ ਬੀਜਿਆ ਇਤਿਹਾਸ

ਕੁੱਝ ਆਵਾਰਾ ਵੱਗ ਚਰ ਕੇ

ਤੇਰੀ ਢਾਬ ਦਾ ਪੀਂਦੇ ਰਹੇ ਪਾਣੀ

ਜਦੋਂ ਹੁਣ ਤੇਰੇ ਬਾਰੇ ਸੋਚੀਏ, ਮੇਰੇ ਦੇਸ਼ !

ਤਾਂ ਕੁਝ ਇਸ ਤਰ੍ਹਾਂ ਲਗਦੈ

ਜਿਵੇਂ ਤੂੰ ਸਾਊ ਧੀ ਹੋਵੇਂ

ਕਿਸੇ ਬੇਸ਼ਰਮ ਵੈਲੀ ਦੀ

ਤੇ ਸਾਡੇ ਨਾਲ ਤੇਰਾ ਇਸ ਤਰ੍ਹਾਂ ਜਾਪਦੈ ਰਿਸ਼ਤਾ

ਜਿਵੇਂ ਅੱਖਾਂ ਹੀ ਅੱਖਾਂ 'ਚ ਮੁਹੱਬਤ ਮਰ ਜਾਏ ਕੋਈ

ਐਪਰ ਜਿਸ ਦੇ ਨਸੀਬੇ ਵਿਚ ਨਾ ਹੋਵੇ ਹਰਫ਼ ਮਿਲਣੀ ਦਾ

ਅਸੀਂ ਤਾਂ ਖਪ ਗਏ ਹਾਂ

ਧੂੜ ਵਿਚ ਲਥ-ਪਥ ਤ੍ਰਿਕਾਲਾਂ ਦੇ ਢਿੱਡ ਅੰਦਰ

ਅਸੀਂ ਤਾਂ ਛਿਪ ਗਏ ਹਾਂ

ਪੱਥੇ ਹੋਏ ਗੋਹੇ ਦੇ ਉੱਤੇ ਉੱਕਰੀਆਂ ਉਂਗਲਾਂ ਦੇ ਨਾਲ

'ਜਮਹੂਰੀਅਤ' ਦੇ ਪੈਰਾਂ ਵਿਚ ਰੁਲਦੇ ਹੋਏ ਮੇਰੇ ਦੇਸ਼ !

ਸਾਡਾ ਫਿਕਰ ਨਾ ਕਰਨਾ-

📝 ਸੋਧ ਲਈ ਭੇਜੋ