ਜਿਵੇਂ ਮੋਰ ਨੂੰ ਰੀਝ ਹੈ ਬੱਦਲਾਂ ਦੀ,
ਜਿਵੇਂ ਮੱਛੀ ਨੂੰ ਤਾਰੀਆਂ ਲਾਣ ਦਾ ਚਾ ।
ਜਿਵੇਂ ਚੰਨ ਦੀ ਪ੍ਰੀਤ ਚਕੋਰ ਰੱਖੇ,
ਜਿਵੇਂ ਹੰਸ ਤਾਈਂ ਮੋਤੀ ਖਾਣ ਦਾ ਚਾ ।
ਧਨੀ ਹੋਣ ਨੂੰ ਜਿਵੇਂ ਗ਼ਰੀਬ ਲੋਚੇ,
ਜਿਵੇਂ ਬੀਰ ਨੂੰ ਜੰਗ ਵਿੱਚ ਜਾਣ ਦਾ ਚਾ।
ਮੱਖੀ ਸ਼ਹਿਦ ਲਈ ਜਿਸ ਤਰ੍ਹਾਂ ਵਿਲਪਦੀ ਏ,
ਜਿਵੇਂ ਸ਼ੂਮ ਨੂੰ ਮਾਇਆ ਵਧਾਣ ਦਾ ਚਾ।
ਖਾਣ ਪੀਣ ਦੀ ਖਾਹਸ਼ ਬੀਮਾਰ ਰੱਖੇ,
ਜਿਵੇਂ ਛੋਟੇ ਨੂੰ ਵੱਡਾ ਅਖਵਾਣ ਦਾ ਚਾ।
ਗੁਣੀ ਜਿਸਤਰ੍ਹਾਂ ਗੁਣੀ ਦੀ ਚਾਹ ਰੱਖੇ,
ਜਿਵੇਂ ਕਸਬੀ ਨੂੰ ਹੁਨਰ ਵਿਖਾਣ ਦਾ ਚਾ।
ਦੇਸ਼ ਭਗਤ ਨੂੰ ਜਿਸਤਰ੍ਹਾਂ ਦੇਸ਼ ਪਿਆਰਾ,
ਜਿਵੇਂ ਨਾਰ ਨੂੰ ਪਤੀ ਰੀਝਾਣ ਦਾ ਚਾ ।
ਸੱਪ ਬੀਨ ਨੂੰ ਜਿਸਤਰਾਂ ਲੋਚਦਾ ਏ,
ਜਿਵੇ' ਭਗਤ ਨੂੰ ਰਵ੍ਹੇ ਭਗਵਾਨ ਦਾ ਚਾ ।
ਸੱਧਰ ਜਿਵੇਂ ਕਸਤੂਰੀ ਦੀ ਹਰਨ ਰੱਖੇ,
ਜਿਵੇਂ ਕਵੀ ਨੂੰ ਕਵਿਤਾ ਬਨਾਣ ਦਾ ਚਾ ।
ਕੋਇਲ ਕੂਕਦੀ ਜਿਸਤਰ੍ਹਾਂ ਅੰਬ ਪਿੱਛੇ,
ਰੱਖੇ ਮਸਖ਼ਰਾ ਜਿਵੇਂ ਹਸਾਣ ਦਾ ਚਾ ।
ਭੌਰਾ ਜਿਸਤਰ੍ਹਾਂ ਫੁੱਲਾਂ ਨੂੰ ਤਰਸਦਾ ਏ,
ਦਾਨ ਬੀਰ ਨੂੰ ਜਿਸਤਰ੍ਹਾਂ ਦਾਨ ਦਾ ਚਾ ।
ਭੁੱਖਾ ਭੋਜਨ ਨੂੰ ਜਿਸਤਰ੍ਹਾਂ ਝਾਕਦਾ ਏ,
ਜਿਵੇਂ ਸੱਜਨ ਨੂੰ ਦੁੱਖ ਵੰਡਾਣ ਦਾ ਚਾ ।
ਤਿਵੇਂ ਬੋੱਲੀ ਪੰਜਾਬੀ ਦਾ ਪ੍ਰੇਮ ਮੈਨੂੰ,
ਰਹਿੰਦਾ ਸਦਾ ਹੀ ਸੇਵਾ ਕਮਾਣ ਦਾ ਚਾ ।
"ਅੰਮ੍ਰਿਤ" ਹੋਵੇ ਸਿਰਤਾਜ ਏਹ ਸਾਰਿਆਂ ਦੀ
ਏਦ੍ਹੇ ਸੀਸ ਤੇ ਛਤਰ ਝੁਲਾਣ ਦਾ ਚਾ ।