ਮਿਰੇ ਦਿਲ ਦੇ ਗ਼ਮ ਦੀ ਦਵਾ ਕਰਦੇ ਕਰਦੇ ।
ਬੁਰਾ ਕਰ ਗਏ ਉਹ ਭਲਾ ਕਰਦੇ ਕਰਦੇ ।
ਤੇਰੇ ਇਸ਼ਕ ਦਾ ਹਕ਼ ਅਦਾ ਕਰਦੇ ਕਰਦੇ ।
ਅਸੀਂ ਮਰ ਗਏ ਹਾਂ ਵਫ਼ਾ ਕਰਦੇ ਕਰਦੇ ।
ਅਸੀਂ ਆਏ ਮਕ਼ਤਲ ਚ ਸਿਰ ਦੇਣ ਖ਼ਾਤਿਰ
ਤੁਸੀਂ ਰੁਕ ਗਏ ਫੈਸਲਾ ਕਰਦੇ ਕਰਦੇ ।
ਜੁਦਾ ਹੋ ਰਹੇ ਨੇ ਜ਼ਮਾਨੇ ਤੋਂ ਆਸ਼ਿਕ
ਤਿਰੇ ਗ਼ਮ ਨੂੰ ਦਿਲ ਤੋਂ ਜੁਦਾ ਕਰਦੇ ਕਰਦੇ ।
ਸਦਾ ਯਾਦ ਰੱਖੋ ਮੁਹੱਬਤ ਚ ਇਹ ਗਲ
ਬਣੇਗਾ ਨ ਕੁਝ ਤੌਖਲਾ ਕਰਦੇ ਕਰਦੇ ।
ਉਨ੍ਹਾਂ ਦੇ ਬੁਲਾਵੇ ਤੇ ਪਹੁੰਚੇ ਅਸੀਂ ਜਦ
ਉਹ ਕਿਉਂ ਰੁਕ ਗਏ ਫੈਸਲਾ ਕਰਦੇ ਕਰਦੇ ?
ਜਫ਼ਾ ਦੇ ਸਹਾਰੇ ਹੀ ਜਿਉਂਦਾ ਰਿਹਾ ਮੈਂ
ਉਹ ਸਮਝੇ ਨ ਇਹ ਗਲ ਜਫ਼ਾ ਕਰਦੇ ਕਰਦੇ ।
ਮਿਰਾ ਦਰਦ ਦਿਲ ਦਾ ਵਧੀ ਜਾ ਰਿਹਾ ਹੈ
ਤਬੀਬ ਅਕ ਗਏ ਨੇ ਦਵਾ ਕਰਦੇ ਕਰਦੇ।
ਅਸੀਂ ਅਪਣੇ ਆਪੇ ਤੋਂ ਹੋਏ ਹਾਂ ਬੇ-ਰੁਖ਼
ਤਿਰੀ ਬੇ-ਰੁਖ਼ੀ ਦਾ ਗਿਲਾ ਕਰਦੇ ਕਰਦੇ ।
ਅਸੀਂ ਜਦ ਵੀ ਪਹੁੰਚੇ ਤੁਹਾਡੀ ਗਲੀ ਵਿਚ
ਤੁਸੀਂ ਰੁਕ ਗਏ ਵਾਰਤਾ ਕਰਦੇ ਕਰਦੇ ।
ਗੁਜ਼ਰ ਹੋ ਰਹੀ ਹੈ ਰਕੀਬਾਂ ਦੀ ਮਰ ਮਰ
ਉਹ ਜਿਉਂਦੇ ਨੇ ‘ਹਮਦਰਦ' ਕਿਆ ਕਰਦੇ ਕਰਦੇ।