ਮੇਰੇ ਦੁਖ ਦਾ ਗ਼ਮ ਨਾ ਕਰ ਤੂੰ, ਹਸ ਕੇ ਹਰ ਦੁਖ ਸਹਿ ਜਾਵਾਂਗਾ ।
ਮੈਂ ਤੇ ਹਾਂ ਇਕ ਵਗਦਾ ਦਰਿਆ, ਉਚਾ ਨੀਵਾਂ ਵਹਿ ਜਾਵਾਂਗਾ ।
ਕੱਲਮ-ਕੱਲਾ ਟੱਪ ਜਾਵਾਂਗਾ, ਮਾਰੂ ਪਰਬਤ ਜੀਵਨ ਦੇ ਨੂੰ,
ਪਰ ਕੀ ਇੰਜੇ ਚੁੱਪ-ਚੁਪੀਤਾ ਧਰਤ ਦੇ ਸੀਨੇ ਲਹਿ ਜਾਵਾਂਗਾ ।
ਜੀਅ ਸਕਨਾ ਵਾਂ ਆਢਾ ਲਾ ਕੇ, ਨਾਲ ਮੁਕੱਦਰ ਜੇ ਕਰ ਯਾਰੋ,
ਅੱਖਾਂ ਦੇ ਵਿਚ ਅੱਖਾਂ ਪਾ ਕੇ ਮੌਤ ਦੇ ਨਾਲ ਵੀ ਖਹਿ ਜਾਵਾਂਗਾ ।
ਕੀ ਹੋਇਆ ਜੇ ਖਿੱਲਰ ਜਾਸੀ ਰੇਜ਼ਾ-ਰੇਜ਼ਾ ਹੋਕੇ ਜੁੱਸਾ,
ਬਣ ਕੇ ਲੰਘਿਆ ਹਰ ਪਲ ਸੱਜਨਾ, ਮਨ ਵਿਚ ਤੇਰੇ ਰਹਿ ਜਾਵਾਂਗਾ ।
ਕਿਹੜੀ-ਕਿਹੜੀ ਗੱਲ ਤੇ ਮੈਨੂੰ, ਤੁਸੀਂ ਸਜ਼ਾਵਾਂ ਦੇਸੋ ਲੋਕੋ,
ਮੈ ਝੱਲਾ ਤੇ ਝੱਲ ਵਲੱਲਾ, ਜਾਣੇਂ ਕੀ ਕੁੱਝ ਕਹਿ ਜਾਵਾਂਗਾ ।