ਮੇਰੇ ਜ਼ਖ਼ਮਾਂ ਨੂੰ ਨਾ ਛੇੜੋ, ਰੱਖੇ ਮੈਂ ਆਪ ਅੱਲੇ ਨੇ ।
ਸੂਰਜ ਨੂੰ ਮਘਣ ਤੋਂ ਰੋਕ ਲਓ, ਸੇਕ ਨਾਲ ਸੁੱਕ ਜਾਣੇ ਨੇ ।
ਹਵਾ ਨੂੰ ਵਗਣ ਤੋਂ ਰੋਕ ਦਿਓ, ਅੰਗੂਰ ਨਾ ਜਾਣੇ ਮਾਣੇ ਨੇ ।
ਨਜ਼ਰ ਨਾ ਮੈਲ਼ੀ ਪੈਣ ਦਿਆਂ, ਮੇਰੇ ਸੱਜਣਾ ਨੇ ਘੱਲੇ ਨੇ ।
ਮੇਰੇ ਜ਼ਖ਼ਮਾਂ ਨੂੰ ਨਾ ਛੇੜੋ, ਰੱਖੇ ਮੈਂ ਆਪ ਅੱਲੇ ਨੇ ।
ਓਸ ਦੀ ਯਾਦ 'ਚ ਪਾਲੇ ਨੇ, ਕਰਾਂ ਨਾ ਕਿਸੇ ਹਵਾਲੇ ਮੈਂ ।
ਜੂਠਾ ਹੱਥ ਨਾ ਲੱਗ ਜਾਵੇ, ਕੋਈ ਇਹਨਾਂ ਨਾ ਕੱਜ ਜਾਵੇ ।
ਸੱਜਣਾ ਦਾ ਗਹਿਣਾ ਇਹ, ਸਿਰਫ 'ਸਰਬ' ਦੇ ਗਲ ਭਾਵੇ ।
ਮੱਲ੍ਹਮ ਨਾ ਨੇੜੇ ਆਉਣ ਦਿਆਂ, ਮਿਲੇ ਨਾ ਇਹ ਸਵੱਲੇ ਨੇ ।
ਮੇਰੇ ਜ਼ਖ਼ਮਾਂ ਨੂੰ ਨਾ ਛੇੜੋ, ਰੱਖੇ ਮੈਂ ਆਪ ਅੱਲੇ ਨੇ ।
ਜਿਉਣ ਦੇ ਏਹ ਸਹਾਰੇ ਨੇ, ਖੁਰਕ ਕੇ ਆਪ ਖਿਲਾਰੇ ਨੇ ।
ਪਾਣੀ ਲਾ ਵਧਾਏ ਆਪ, ਸੱਜਣ ਦੇ ਵਾਂਗ ਪਿਆਰੇ ਨੇ ।
ਵਾਧਾ ਹੋਣ ਤੇ ਛਾਂਗਣੇ ਨਾਹੀਂ, ਸਜਾਏ ਤਾਂ ਕੱਲੇ ਕੱਲੇ ਨੇ ।
ਪਿਆਰੇ ਦੀ ਨਿਸ਼ਾਨੀ ਨੇ, ਇਹ ਦੁਨੀਆਂ ਤੋਂ ਅਵੱਲੇ ਨੇ ।
ਮੇਰੇ ਜ਼ਖ਼ਮਾਂ ਨੂੰ ਨਾ ਛੇੜੋ, ਰੱਖੇ ਮੈਂ ਆਪ ਅੱਲੇ ਨੇ ।
ਰੱਖੇ ਮੈਂ ਆਪ ਅੱਲੇ ਨੇ, ਮੇਰੇ ਸੱਜਣਾ ਜੋ ਘੱਲੇ ਨੇ ।