ਤੂੰ ਮੇਰੇ ਤੋਂ
ਟੁੱਟਣਾ ਹੀ ਚਾਹੁੰਦੀ ਹੈਂ
ਤਾਂ ਆਪਣੇ ਮਨ ਤੇ
ਬਿਨਾਂ ਕੋਈ ਬੋਝ ਲਏ
ਅਲਵਿਦਾ ਆਖ ਦੇ
ਮੇਰੇ ਵਿੱਚ
ਅਜਿਹੀ ਕੋਈ ਸਮਰਥਾ ਨਹੀਂ
ਕਿ ਤੈਨੂੰ ਬੰਨ੍ਹ ਸਕਾਂ
ਕੋਈ ਜਾਦੂ ਨਹੀਂ
ਕਿ ਤੈਨੂੰ ਕੀਲ ਸਕਾਂ
ਕੋਈ ਰਿਸ਼ਤਾ ਨਹੀਂ
ਜਿਸਦਾ ਤੈਨੂੰ
ਵਾਸਤਾ ਪਾਵਾਂ
ਆਪਣੀ ਮੁਹੱਬਤ ਦਾ
ਕੋਈ ਸਬੂਤ ਨਹੀਂ
ਜੋ ਤੈਨੂੰ ਵਿਖਾਵਾਂ
ਇਹ ਤਾਂ ਕੁਝ
ਨਾਜ਼ੁਕ ਜਿਹੇ
ਭਾਵੁਕ ਜਿਹੇ ਪਲ ਸਨ
ਜਦੋਂ ਤੂੰ ਮੈਨੂੰ
ਆਪਣਾ ਸਮਝ ਕੇ
ਮੇਰੇ ਨਾਲ
ਬੇਨਾਮ ਜਿਹਾ
ਰਿਸ਼ਤਾ ਸਿਰਜ ਲਿਆ ਸੀ
ਇਹ ਤੇਰੀ ਖੁਸ਼ੀ ਸੀ
ਭਾਵੁਕ ਜਿਹੇ
ਨਾਜ਼ੁਕ ਜਿਹੇ
ਕੁਝ ਪਲਾਂ ਤੋਂ ਬਾਅਦ
ਤੂੰ ਫਿਰ ਸੋਚਿਆ ਹੈ
ਵਿਚਾਰਿਆ ਹੈ
ਤੈਨੂੰ ਮੈਥੋਂ ਟੁੱਟਣ ਵਿੱਚ
ਭਲਾਈ ਨਜ਼ਰ ਆਉਂਦੀ ਹੈ
ਮੇਰੀ ਮੁਹੱਬਤ ਵਿੱਚ
ਜੇ ਕਿਤੇ ਬੁਰਿਆਈ
ਨਜ਼ਰ ਆਉਂਦੀ ਹੈ
ਤਾਂ ਤੂੰ ਮਨ ਤੇ
ਬਿਨਾਂ ਕੋਈ ਬੋਝ ਲਏ
ਮੈਨੂੰ ਅਲਵਿਦਾ
ਆਖ ਦੇ
ਮੇਰੇ ਕੋਲ
ਅਜਿਹਾ ਕੁਝ ਨਹੀਂ
ਕਿ ਤੈਨੂੰ ਰੋਕ ਸਕਾਂ
ਕਿ ਤੈਨੂੰ ਬੰਨ੍ਹ ਸਕਾਂ
ਕਿ ਤੈਨੂੰ ਕੀਲ ਸਕਾਂ
ਮੇਰੇ ਕੋਲ
ਅਜਿਹਾ ਕੁਝ ਨਹੀਂ.....।