ਮੇਰੇ ਕੋਲ ਉਹ ਬਹਿੰਦਾ ਹੈ।
ਦੂਤੀ ਭੁੰਜੇ ਲਹਿੰਦਾ ਹੈ ।
ਮੈਨੂੰ ਉਹ ਜੋ ਕਹਿੰਦਾ ਹੈ।
ਉਸ ਤੋਂ ਫਿਰਦਾ ਰਹਿੰਦਾ ਹੈ।
ਖੁਦ-ਗਰਜ਼ੀ ਦੀ ਦੁਨੀਆਂ ਵਿਚ
ਕੌਣ ਕਿਸੇ ਨੂੰ ਸਹਿੰਦਾ ਹੈ ।
ਮਨ ਮੌਜੀ ਮੌਜਾਂ ਦੇ ਵਿਚ
ਚੜ੍ਹਦਾ ਲਹਿੰਦਾ ਰਹਿੰਦਾ ਹੈ ?
ਆਸ਼ਕ ਚੋਟ ਜੁਦਾਈ ਦੀ
ਸਹਿੰਦਾ ਸਹਿੰਦਾ ਸਹਿੰਦਾ ਹੈ ।
ਦੂਰ ਵੀ ਰਹਿਕੇ ਉਹ ਹਰਦਮ
ਮੇਰੇ ਦਿਲ ਵਿਚ ਰਹਿੰਦਾ ਹੈ।
ਰਖਦੈ ਢਿੱਲਾ ਢਿੱਲਾ ਮੂੰਹ
ਖਿਚਿਆ ਖਿਚਿਆ ਰਹਿੰਦਾ ਹੈ ।
ਠੰਡੇ ਹੌਕੇ ਭਰਕੇ ਵੀ
ਦਿਲ ਕਿਉਂ ਜਲਦਾ ਰਹਿੰਦਾ ਹੈ ।
ਸੁਣਦੈ ਕੌਣ ਕਿਸੇ ਦੀ ਗਲ
ਕੌਣ ਦਿਲਾਂ ਦੀ ਕਹਿੰਦਾ ਹੈ ?
ਦਾਗ਼ ਰਕ਼ਾਬਤ ਦਾ ਦਿਲ ਤੋਂ
ਲਹਿੰਦਾ ਲਹਿੰਦਾ ਲਹਿੰਦਾ ਹੈ ?
‘ਹਮਦਰਦਾ’ ਇਹ ਗਲ ਹੈ ਕੀ ?
ਗਲ ਕਰਿਆਂ ਦਿਲ ਬਹਿੰਦਾ ਹੈ ।