ਮੇਰੇ ਲਾਡਲੇ

ਜਾਗੋ ਮੇਰੇ ਲਾਡਲੇ ! ਜਾਗੋ ਮੇਰੇ ਲਾਡਲੇ !!

ਬਾਪ ਤੇਰੇ ਦੇ ਦੁਸ਼ਮਣ ਫਿਰਦੇ ਕਾਵਾਂ ਵਾਂਗੂੰ ਚਾਂਭਲੇ

ਰਾਤ ਸੀ ਤੈਨੂੰ ਬਾਤ ਸੁਣਾਈ, ਜੱਗ ਬੀਤੀ, ਹੱਡ-ਬੀਤੀ

ਅੰਮ੍ਰਿਤ ਵੇਲੇ ਚਹਿਕਣ ਵਾਲੀ, ਕਿਵੇਂ ਚਿੜੀ ਬੱਸ ਕੀਤੀ

ਨੰਗ-ਧੜੰਗੇ ਉੱਠ ਬੈਠੇ ਸਭ ਆਪਣੇ ਲਾਗੇ ਚਾਗਲੇ

ਜਾਗੋ ਮੇਰੇ ਲਾਡਲੇ !.............................

ਬਾਪ ਤੇਰੇ ਦੇ ਹਾਣ ਦੇ ਹਾਲੀ, ਬੰਜਰਾਂ ਦੀ ਹਿੱਕ ਫੋਲ ਰਹੇ ਨੇ

ਰਾਤ ਦੇ ਕੀੜੇ ਲੁਕਣ ਲਈ ਥਾਂ ਇੱਕ ਦੂਜੇ ਵਿਚ ਟੋਲ ਰਹੇ ਨੇ

ਮੇਰੀ ਮੋਹ-ਮਮਤਾ ਨਾ ਹਰਦੀ, ਜਿਉਂ ਕੈਦੀ ਵਿਚ ਕਾਂਡਲੇ

ਜਾਗੋ ਮੇਰੇ ਲਾਡਲੇ !.............................

ਜਿਸ ਪੁਲ 'ਤੇ ਟੋਕਰੀਆਂ ਢੋਅ ਢੋਅ, ਤੇਰੇ ਪਿਓ ਨੇ ਭਰਤ ਸੀ ਪਾਈ

ਉਸ ਪੁਲ 'ਤੇ ਤੱਕ ! ਇੱਕ ਛਾਤੀ ਨੇ ਗੋਲੀਆਂ ਸੰਗ ਹੈ ਸੁਰਤ ਗਵਾਈ

ਤੇਰੇ ਸੁੱਤਿਆਂ ਕਿਵੇਂ ਤਰਨਗੇ ਸਿਰ ਉਹਦੇ ਜੋ ਮਾਮਲੇ

ਜਾਗੋ ਮੇਰੇ ਲਾਡਲੇ !.............................

ਜਿਉਂਂ ਅੰਮ੍ਰਿਤ ਵੇਲੇ ਦਾ ਤਾਰਾ, ਇਉਂ ਆਇਆ ਸੀ ਤੇਰਾ ਪਾਪਾ

ਆਪਣੇ ਪਿੰਡ ਸੀ ਮੱਸਿਆ ਤਾਹਿਓਂ, ਤੁਰ ਗਿਆ ਚੰਦਰਾ 'ਚੰਨ' ਇਕਲਾਪਾ

ਜਿਸ ਮੱਸਿਆ ਅੰਬਰਾਂ ਦੇ ਰੁਖ ਤੋਂ ਸੀ ਤਾਰੇ ਕੁਝ ਛਾਂਗਲੇ

ਜਾਗੋ ਮੇਰੇ ਲਾਡਲੇ !.............................

'ਲੰਡੀ ਚੂਹੀ' ਦੇ ਨਾ ਜਾਵੇ ਤੈਨੂੰ ਲਾਗਲਿਆਂ ਦੀ ਲਾਲੀ

ਪਹਿਲਾਂ ਉੱਠ ਕੇ 'ਡੋਅ ਡੋਅ' ਤੈਨੂੰ ਕਰਨਗੇ ਪਿੰਡ ਦੇ ਹਾਲੀ ਪਾਲੀ

ਪਹੇ ਭਰੀ ਨੇ ਜਾਂਦੇ ਆਪਣੇ ਖੇਤੀਂ ਕਿਰਤੀ ਕਾਫ਼ਲੇ

ਜਾਗੋ ਮੇਰੇ ਲਾਡਲੇ !.............................

📝 ਸੋਧ ਲਈ ਭੇਜੋ