(ਕਨੇਡਾ ਗਏ ਇਕ ਦੋਸਤ ਤੇ ਨਾਂ)
ਗਾਥਾ ਇੱਕ ਦੋਸਤ ਦੀ ਨਹੀਂ
ਗਾਥਾ ਇੱਕ ਦੇਸ਼ ਦੀ ਹੈ
ਜੇ ਮੈਂ ਇੱਕ ਅੱਧ ਹੀ ਹੋਵਾਂ
ਮੇਰੇ ਪ੍ਰਦੇਸੀਆ ਯਾਰਾ!
ਤਾਂ ਮੈਂ ਵੀ ਗੰਢੜੀ ਬੰਨ੍ਹ ਤੁਰਾਂ
ਕਿਧਰੇ ਲੰਡਨ ਜਾਂ ਵੈਨਕੋਵਰ ਜਾ ਧਰਾਂ
ਜੇ ਗਿੱਲੀਆਂ ਮੋੜ੍ਹੀਆਂ ਦਾ ਧੂਆਂ
ਬੱਸ ਇਕ ਹੀ ਮਾਂ ਲਈ
ਬਣੇ ਅੱਖਾਂ ਦਾ ਗਾਲਣ
ਜੇ 'ਕੱਲੇ ਬਾਪੂ ਦੇ ਢੱਗਿਆਂ ਨੂੰ
ਪਵੇ ਪਰਾਲੀ ਦਾ ਕੁਤਰਾ
ਜੇ ਗੱਲ ਇੱਕ ਹੀ ਭੈਣ ਦੀ ਹੋਵੇ
ਕਿ ਬਿਨ ਮਿਲਿਆਂ ਮੁੜ ਆਵਣ
ਜੂਹਾਂ 'ਚ ਖਾਲੀ ਹੱਥ ਵੀਰੇ
ਜੇ ਗੱਲ ਇੱਕ ਹੀ ਸੱਜਣੀ ਦੀ ਹੋਵੇ
ਕਿ ਜਿਹਦਾ ਚੋਏ ਮੁੰਦਦਿਆਂ
ਲੰਘ ਜਾਵੇ ਲੱਖਾਂ ਦਾ ਸਾਵਣ
ਤਾਂ ਦੋਸਤਾਂ!
ਫਿਰ ਮੈਂ ਵੀ ਗੰਢੜੀ ਬੰਨ ਤੁਰਾਂ
ਕਿਧਰੇ ਲੰਡਨ ਜਾਂ ਵੈਨਕੁਵਰ ਜਾ ਧਰਾਂ
ਪਰ ਮੇਰੀ ਤਾਂ ਹੋਂਦ ਓ ਯਾਰਾ!
ਆਏ ਦਿਨ ਜ਼ਰਬ ਖਾਂਦੀ ਹੈ
ਫੁੱਟਪਾਥਾਂ ਤੇ ਸੁੱਤੀ ਲਾਰ ਜਿਉਂ
ਵੱਧਦੀ ਹੀ ਜਾਂਦੀ ਹੈ
ਕਾਲ ਪੀੜਤ ਮੌਤਾਂ ਦੀ ਖਬਰ
ਰੋਜ਼ ਸੁਣ ਜਾਂਦੀ ਹੈ
ਰੋਜ਼ ਕੋਈ ਭੁੱਖੀ ਬਿਹਾਰਨ
ਬੱਚਿਆਂ ਨੂੰ ਵੇਚ ਆਂਦੀ ਹੈ
ਤੇ ਜਿਉਂਦੀ ਜੁਆਨੀ ਦੇ ਸਿਰ
ਇਹ ਲਾਹਣਤ ਪੰਡ ਬਣ ਜਾਂਦੀ ਹੈ
ਕੀ ਹੋਇਆ
ਜੇ ਅਰਥ ਵਿਗਿਆਨੀਆਂ ਨੇ ਕੱਢ ਦਿੱਤਾ
ਸਾਡੇ ਹਰ ਸਿਰ ਤੇ ਸੈਂਕੜਿਆਂ ਦਾ ਕਰਜਾ
ਤਾਂ ਇਸ ਤੋਂ ਡਰਕੇ
ਮੈਂ ਵਿਦੇਸ਼ਾਂ 'ਚ ਕਿਉਂ ਲੁਕਾਂ
ਇੰਜ ਮੁਕਰ ਜਾਣ ਨਾਲੋਂ
ਮੈਂ ਇਥੇ ਹੀ ਕਿਉਂ ਨਾ ਮੁਕਰਾਂ
ਪਿਆਰੀ ਭਾਰਤ ਮਾਂ ਵਾਲਾ ਉਹ ਗੀਤ
ਤੂੰ ਹੀ ਦੱਸ ਮੈਂ ਕਿੰਜ ਵਿਸਰਾਂ
ਡਾਕੂਆਂ ਵੱਸ ਪਾ ਕੇ ਮਾਂ
ਮੈਂ ਭਗੌੜਾ ਕਿੰਜ ਬਣਾ
ਵੈਨਕੋਵਰ ਦੀਆਂ ਹੂੰਝ ਕੇ ਗਲੀਆਂ
ਜੇ ਦੋ ਡਾਲਰ ਜੋੜ ਵੀ ਲਵਾਂ
ਦਿੱਲੀਓਂ ਭਾੜੇ ਦੀ ਕਾਰ
ਮੈਂ ਵਤਨ 'ਚ ਖੇਖਣ ਕਿੰਜ ਕਰਾਂ
ਮੈਥੋਂ ਇਹ ਹਰਗਿਸ਼ ਨਹੀਂ ਹੋਣਾ
ਮੇਰੇ ਪ੍ਰਦੇਸੀਆ ਯਾਰਾ!
ਗਾਥਾ ਇਕ ਦੋਸਤ ਦੀ ਨਹੀਂ
ਗਾਥਾ ਇਕ ਦੋਸਤ ਦੀ ਨਹੀਂ
ਗਾਥਾ ਇਕ ਦੇਸ਼ ਦੀ ਹੈ
ਦੇਸ਼ ਜੋ ਤੇਰਾ ਵੀ ਹੈ