ਮੇਰੇ ਪਾਸ ਆਓ ਮੈਂ ਮਰਦਾ ਪਿਆ ਹਾਂ

ਮੇਰੇ ਪਾਸ ਆਓ ਮੈਂ ਮਰਦਾ ਪਿਆ ਹਾਂ । 

ਬਚਾਓ ਬਚਾਓ ਮੈਂ ਮਰਦਾ ਪਿਆ ਹਾਂ

ਤੁਸੀਂ ਅਪਣੇ ਬਿਸਮਿਲ ਨੂੰ ਮਰਦਾ ਤੇ ਦੇਖੋ 

ਜ਼ਰਾ ਠਹਿਰ ਜਾਓ, ਮੈ ਮਰਦਾ ਪਿਆ ਹਾਂ

ਲਿਖੀ ਸੀ ਜੋ ਮੈਂ ਜ਼ਿੰਦਗੀ ਦੇ ਕੇ ਅਪਣੀ 

ਗ਼ਜ਼ਲ ਓਹੀ ਗਾਓ ਮੈਂ ਮਰਦਾ ਪਿਆ ਹਾਂ।

ਤੁਸੀਂ ਜ਼ਿੰਦਗੀ ਬਖਸ਼ਦੇ ਹੋ ਪਿਲਾ ਕੇ 

ਪਿਲਾਓ ਪਿਲਾਓ ਮੈਂ ਮਰਦਾ ਪਿਆ ਹਾਂ।

ਤੁਹਾਡਾ ਹੀ ਕੰਮ ਹੁਣ ਹੈ ਰਖਿਆ ਵਤਨ ਦੀ 

ਮੇਰੇ ਭਰਾਓ ਮੈਂ ਮਰਦਾ ਪਿਆ ਹਾਂ

ਮੇਰੇ ਬਾਅਦ ਹੀ ਮੇਰੀ ਕਿਸ਼ਤੀ ਨੂੰ ਤਕਣਾ 

ਮਿਰੇ ਨਾ-ਖ਼ੁਦਾਓ ਮੈਂ ਮਰਦਾ ਪਿਆ ਹਾਂ

ਉਹੀ ਹੈ ਮਿਰੀ ਜ਼ਿੰਦਗੀ ਦਾ ਸਹਾਰਾ 

ਉਧੀ ਗਲ ਸੁਣਾਓ ਮੈਂ ਮਰਦਾ ਪਿਆ ਹਾਂ । 

ਨਹੀਂ ਹੋਰ ਕੋਈ ਵੀ ਮੇਰਾ ਮਸੀਹਾ 

ਉਨ੍ਹਾਂ ਨੂੰ ਲਿਆਓ ਮੈਂ ਮਰਦਾ ਪਿਆ ਹਾਂ

ਤੁਹਾਡਾ ਸਤਾਣਾ ਮਿਰੀ ਜ਼ਿੰਦਗੀ ਹੈ 

ਸਤਾਓ ਸਤਾਓ ਮੈਂ ਮਰਦਾ ਪਿਆ ਹਾਂ

ਕਦੇ ਵੀ ਮੈਂ 'ਹਮਦਰਦ' ਕਹਿਣਾ ਨਹੀਂ ਇਹ 

ਰਕੀਬੋ ਬਚਾਓ ਮੈਂ ਮਰਦਾ ਪਿਆ ਹਾਂ

📝 ਸੋਧ ਲਈ ਭੇਜੋ