ਮੇਰੇ ਫੱਗਣ ਚੇਤਰ ਦੇ ਵਿਚ ਸਾੜ ਸੀ ਜਿਹੜੇ ਜਿਹੜੇ
ਮੈਂ ਉਹ ਸਾਰੇ ਕੱਢ ਦਿੱਤੇ ਨੇ ਹਾੜ ਸੀ ਜਿਹੜੇ ਜਿਹੜੇ
ਮੇਰਾ ਇੱਕ ਸਵਾਲ ਏ ਬਾਬਾ ਹਿਰਨ ਕਿਉਂ ਅੱਜ ਬਣ ਗਏ
ਬਾਹਰੋਂ ਆਏ ਬਿੱਲੇ ਤੇ ਬਘਿਆੜ ਸੀ ਜਿਹੜੇ ਜਿਹੜੇ
ਦਿਸਦੇ ਨਈਂ ਜੇ ਹੌਲ਼ੀ ਹੌਲ਼ੀ ਲੈ ਬੈਠੇ ਨੇ ਸਾਨੂੰ
ਸਾਡੇ ਜ਼ਿਹਨ ਤੇ ਨੀਤਾਂ ਵਿਚ ਵਿਗਾੜ ਸੀ ਜਿਹੜੇ ਜਿਹੜੇ
ਤੱਕ ਪੰਜਾਬ ਨੂੰ ਜਿਹਦੀ ਅੱਖ 'ਚੋਂ ਹਾਲੇ ਵੀ ਪਏ ਦਿਸਦੇ
ਵੰਡ ਦੇ ਨਾਂ ਤੇ ਕੀਤੇ ਗਏ ਖਿਲਵਾੜ ਸੀ ਜਿਹੜੇ ਜਿਹੜੇ
ਕਿੰਜ ਦਾ ਦੌਰ ਏ ਵੇਲ਼ਾ ਆਣ ਤੇ ਟਿੱਬੇ ਵੀ ਨਾ ਨਿਕਲੇ
ਇੱਥੇ ਲੋਕਾਂ ਸਮਝੇ ਉੱਚ ਪਹਾੜ ਸੀ ਜਿਹੜੇ ਜਿਹੜੇ
ਕਈ ਗੱਲਾਂ 'ਚੋਂ ਨਿੱਤਰ ਜਾਣੇ ਓੜਕ ਇੱਕ ਇੱਕ ਕਰਕੇ
ਕਈ ਗੱਲਾਂ 'ਚੋਂ ਨਿੱਤਰ ਗਏ ਨੇ ਘਾੜ ਸੀ ਜਿਹੜੇ ਜਿਹੜੇ
ਸੈ ਕੁਝ ਕੀਤਾ ਸੈ ਕੁਝ ਹੋਇਆ ਪਰ ਨਾ ਭੁੱਲੇ ‘ਸੰਧੂ’
ਇਸ ਧਰਤੀ ਦੇ ਦਿਲ ਨੂੰ ਵੱਜੇ ਪਾੜ ਸੀ ਜਿਹੜੇ ਜਿਹੜੇ