ਮੇਰੀ ਬੁਲਬੁਲ

ਸਮਾਂ ਬੜਾ ਕੁੱਤਾ ਹੈ ਮੇਰੀ ਬੁਲਬੁਲ

ਬਾਗਾਂ 'ਚੋਂ ਬਾਹਰ

ਅਤੇ ਸੜਕਾਂ 'ਤੇ ਭਟਕਦੀਆਂ ਰੂਹਾਂ ਵਲ ਵੇਖ ਕੇ

ਭੌਂਕਣਾ ਜਾਂ ਰੋਣਾ ਸ਼ੁਰੂ ਕਰ

ਹੁਣ ਤੇਰੇ ਗੀਤ ਨੂੰ ਸੁਣ ਕੇ

ਕੋਈ ਵੀ ਬੀਮਾਰ ਰਾਜ਼ੀ ਨਹੀ ਹੋਏਗਾ

ਆਖਰ ਏਹੀਓ ਸੀ ਨਾ ਗੀਤ

ਜੋ ਰੁੱਖ ਦੀਆਂ ਟਾਹਣੀਆਂ 'ਤੇ ਤਰੇਲ ਵਾਂਗ ਜੰਮ ਗਿਆ

ਤੇ ਸੂਰਜ ਦੀ ਮਾਮੂਲੀ ਜਿਹੀ ਚਿਪਰ ਤੋਂ ਝਉਂ ਕੇ

ਭਾਫ਼ ਬਣ ਕੇ ਉੱਡ ਗਿਆ

ਸਮਾਂ ਬੜਾ ਕੁੱਤਾ ਹੈ ਮੇਰੀ ਬੁਲਬੁਲ-

ਇਹਨੇ ਘੜੀ ਦੀਆਂ ਸੂਈਆਂ ਨੂੰ ਵੱਢ ਖਾਧਾ ਹੈ

ਦੀਵਾਰਾਂ ਨੂੰ ਚੱਕ ਮਾਰੇ ਹਨ ਅਤੇ ਗਮਲਿਆਂ ਤੇ ਮੂਤਿਆ ਹੈ

ਇਹ ਖਵਰੇ ਹੋਰ ਕੀ ਕਰਦਾ, ਜੇ ਸਰਕਾਰ ਦੇ ਬੰਦੇ ਏਸ ਨੂੰ ਪਟਾ ਪਾ ਕੇ

ਬੰਗਲਿਆਂ ਦੇ ਫਾਟਕਾਂ 'ਤੇ ਨਾ ਬੰਨ੍ਹਦੇ

ਮੇਰੀ ਬੁਲਬੁਲ ਆਪਣੇ ਕੰਮ ਹੁਣ ਕੁਝ ਹੋਰ ਤਰ੍ਹਾਂ ਦੇ ਹਨ

ਹੁਣ ਆਪਾਂ ਜੀਣ ਵਰਗੀ ਹਰ ਸ਼ਰਤ ਨੂੰ ਹਾਰ ਚੁੱਕੇ ਹਾਂ

ਮੈਂ ਹੁਣ ਬੰਦੇ ਦੀ ਬਜਾਇ ਘੋੜਾ ਬਣਨਾ ਚਾਹੁੰਦਾ ਹਾਂ

ਇਨ੍ਹਾਂ ਇਨਸਾਨੀ ਹੱਡਾਂ 'ਤੇ ਤਾਂ ਕਾਠੀ ਬਹੁਤ ਚੁਭਦੀ ਹੈ

ਮੇਰੀ(ਆਂ) ਬਰਾਛਾਂ ਤੇ ਕੜਿਆਲਾ ਪੀੜ ਕਰਦਾ ਹੈ

ਮੇਰੇ ਇਨਸਾਨੀ ਪੈਰ ਗ਼ਜ਼ਲ ਦੇ ਪਿੰਗਲ ਵਰਗੀ ਟਾਪ ਨਹੀਂ ਕਰਦੇ

ਸਮਾਂ ਬੜਾ ਕੁੱਤਾ ਹੈ ਮੇਰੀ ਬੁਲਬੁਲ

📝 ਸੋਧ ਲਈ ਭੇਜੋ