ਮੇਰੀ ਗੁਫਤਗੂ

ਸੰਵਾਦ 

ਰਚ ਰਿਹਾ ਸੀ 

ਆਪਣੇ ਆਪ ਨਾਲ 

ਜ਼ਿੰਦਗੀ ਕੀ ਹੈ ਸਾਡੀ

 

ਖੇਡ ਜਾਪਦੀ ਇਕ ਜਨੂੰਨ ਦੀ

ਖੁਸ਼ੀ ਵੰਡਣ ਦਾ ਸਮਾਂ ਹੈ ਮੇਰਾ

ਸੰਗੀਤ ਦਾ ਆਨੰਦ ਲਈਏ

ਕੌਫੀ ਦੇ ਘੁੱਟ ਮਾਣੀਏ

ਹੋਰ ਕੀ ਟੰਗ ਲਵਾਂਗੇ 

ਜ਼ਿੰਦਗੀ ਦੀਆਂ ਦੀਵਾਰਾਂ ਤੇ

ਅੰਬਰ ਦੇ ਚੁਬਾਰੇ ਤੇ 

ਘਰ ਸਨ ਪੰਘੂੜਿਆਂ ਵਰਗੇ

ਉਹ ਵੀ ਉੱਜੜ ਗਏ

ਮਾਂਵਾਂ ਦੀਆਂ ਕੁੱਖਾਂ ਥਕਾ ਕੇ

ਲੋਰੀਆਂ ਨੂੰ ਬਨੇਰਿਆਂ ਤੇ ਸਜਾ ਕੇ

ਕਾਂਵਾਂ ਦੀਆਂ ਚੁੰਝਾਂ ਮਾਰਨ ਨੂੰ ਊ 

ਜਿੱਥੇ ਭੈਣਾਂ ਭਰਾਵਾਂ ਨੇ 

ਸਿਰਫ਼ ਇਕ ਉਮਰ ਦੀ 

ਸਕਿੱਟ ਖੇਡੀ ਰਲ ਮਿਲ ਕੇ 

ਪਹਿਨਿਆ ਪਾਟੇ ਪੁਰਾਣੇ ਝਰੀਟੇ 

ਰਾਤ ਦਿਨਾਂ ਨੂੰ

ਦੂਰ ਕਿਤੇ ਸਵਰਗ ਤੱਕਦੇ ਰਹੇ 

ਲੱਭਦੇ ਬਣਾਉਦੇ ਰਹੇ ਖਿੱਤੀਆਂ ਅਰਸ਼ ਤੇ 

ਵਕਤ ਬੈਠਾ 

ਨਿਸ਼ਾਨਦੇਹੀ ਕਰਦਾ ਰਿਹਾ

ਕਿ ਕੌਣ ਗਲਤ ਹੈ 

ਤੇ ਕਿਹੜਾ ਠੀਕ ਰੋਲ ਕਰ ਰਿਹਾ ਹੈ

ਪਿੱਤਰਾਂ ਦੀਆਂ ਕਬਰਾਂ ਸਨ

ਸਾਨੂੰ ਡੁੱਬਦੇ ਸੂਰਜਾਂ ਤੋਂ ਬਚਾਉਣ ਲਈ ਛੁਪਾਉਂਦੀਆਂ ਰਹੀਆਂ

ਜ਼ਿੰਦਗੀ ਦੀ ਖੇਡ ਖੇਡਦੇ 

ਇਹ ਲਘੂ ਨਾਟਕ ਸਮਾਪਤ ਹੋਇਆ

ਸਾਨੂੰ ਰੱਸੀ ਨਾਲ ਖਿੱਚੇ ਗਏ 

ਪਰਦੇ ਵਾਂਗ ਲਟਕਦਾ ਛੱਡ ਗਏ 

ਜਿਹਨਾਂ ਨਾਟਕ ਦਾ ਆਨੰਦ ਲਿਆ 

ਤੇ ਅਸੀਂ, ਖੇਡਦੇ ਥੱਕ ਕੇ

ਆਰਾਮ ਲਈ ਜਗ੍ਹਾ ਭਾਲਦੇ ਰਹੇ 

ਬਸ ਓਦੋਂ 

ਅਸੀਂ ਦਿਲੋਂ ਖ਼ਤਮ ਹੁੰਦੇ ਹਾਂ

ਮਰਦੇ ਹਾਂ ਸੱਜਰੇ ਸੁਫ਼ਨਿਆਂ ਨੂੰ

ਖੁੱਲੀਆਂ ਮੁੱਠੀਆਂ ਲੈ ਕੇ 

ਟੋਲਦੇ ਹਾਂ ਹਨੇਰਿਆਂ ਵਿਚ

ਡੂੰਘੇ ਡੁੱਬੇ ਸੂਰਜਾਂ ਨੂੰ

ਜਗਾਉਂਦੇ ਹਾਂ 

ਜਨਮ ਦਾਤਿਆਂ ਨੂੰ ਆਰਾਮ ਨਾਲ ਸੁੱਤੇ

ਨਵੀਂ ਸਵੇਰ ਲਈ

📝 ਸੋਧ ਲਈ ਭੇਜੋ