ਮੇਰੀ ਨਹੀਂ ਪੁੱਗਦੀ

ਮਾਂ ਨੇ ਝਿੜਕੀ ਪਿਉ ਨੇ ਝਿੜਕੀ

ਵੀਰ ਮੇਰੇ ਨੇ ਵਰਜੀ

ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਏਧਰ ਕੰਡੇ, ਓਧਰ ਵਾੜਾਂ

ਵਿੰਨ੍ਹੀਆਂ ਗਈਆਂ ਕੋਮਲ ਨਾੜਾਂ

ਇਕ ਇਕ ਸਾਹ ਦੀ ਖਾਤਰ ਅੜੀਓ

ਸੌ ਸੌ ਵਾਰੀ ਮਰਦੀ

ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਸਿਰਜਾਂ, ਪਾਲਾਂ, ਗੋਦ ਸੰਭਾਲਾਂ

ਰਾਤ ਦਿਨੇ ਰੱਤ ਆਪਣੀ ਬਾਲਾਂ

ਕੁੱਲ ਦੇ ਚਾਨਣ ਖਾਤਰ ਆਪਣੀ

ਖ਼ਾਕ ਚੋਂ ਦੀਵੇ ਘੜਦੀ

ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਚਰਖਾ ਕੱਤਾਂ, ਸੂਤ ਬਣਾਵਾਂ

ਸੂਹੇ ਸਾਵੇ ਰੰਗ ਚੜ੍ਹਾਵਾਂ

ਸਭ ਦੇ ਪਿੰਡੇ ਪਹਿਰਨ ਪਾਵਾਂ

ਆਪ ਰਹਾਂ ਮੈਂ ਠਰਦੀ

ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਬੂਟੇ ਲਾਵਾਂ, ਪਾਣੀ ਪਾਵਾਂ

ਸਿਹਰੇ ਗੁੰਦਾਂ, ਸੁੱਖ ਮਨਾਵਾਂ

ਜੇ ਕਿਸੇ ਰੁੱਖ ’ਤੇ ਪੀਂਘ ਝੁਟਾਵਾਂ

ਫੇਰ ਨਾ ਦੁਨੀਆਂ ਜਰਦੀ

ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਜੇ ਅੰਬਰ ਦਾ ਗੀਤ ਮੈਂ ਗਾਵਾਂ

ਸ਼ਿਕਰੇ ਰੋਕਣ ਮੇਰੀਆਂ ਰਾਹਵਾਂ

ਜ਼ਖ਼ਮੀ ਹੋਵਾਂ ਤੇ ਡਿੱਗ ਜਾਵਾਂ

ਰਹਾਂ ਮੈਂ ਹਉਕੇ ਭਰਦੀ

ਮੇਰੇ ਨਹੀਂ ਪੁੱਗਦੀ ਮਨ-ਮਰਜ਼ੀ

ਅੰਮੜੀ ਕਹੇ ਪ੍ਰਾਹੁਣੀ ਆਈ

ਸੱਸੂ ਕਹੇ ਬਗਾਨੀ ਜਾਈ

ਸਾਰੀ ਉਮਰ ਪਤਾ ਨਾ ਲੱਗਿਆ

ਧੀ ਮੈਂ ਕਿਹੜੇ ਘਰ ਦੀ

ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਗੁੜ ਪੂਣੀ ਦੀ ਲੋੜ ਨਾ ਕੋਈ

ਨਾ ਕੋਈ ਹੁਕਮ ਤੇ ਨਾ ਅਰਜੋਈ

ਦੱਬਣ ਦੀ ਵੀ ਹੁਣ ਨਹੀਂ ਖੇਚਲ

ਜੰਮਣੋਂ ਪਹਿਲਾਂ ਮਰਦੀ

ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

📝 ਸੋਧ ਲਈ ਭੇਜੋ