ਆਪਾ - ਹਾਣੀ ਸਾਂਝ ਪੁਰਾਣੀ

ਕਲਮ ਤਾਂ ਮੇਰੀ ਸੂਰਜ ਜਾਈ

ਨਾਲ ਹੀ ਉਗਮੀ ਨਾਲ ਤੁਰੀ ਸੀ

ਕਦਮ ਕਦਮ 'ਤੇ ਨਾਲ ਹੀ ਆਈ।

ਉਗਦੇ ਉਗਦੇ ਕੰਬਦੇ ਕੰਬਦੇ

ਸਮਿਆਂ ਕੋਲੋਂ ਕੁਝ ਸਾਹ ਮੰਗੇ

ਟੂਣੇਹਾਰਾਂ ਟੂਣੇ ਕੀਤੇ

ਮੈਂ ਤੇ ਮੇਰੀ ਕਲਮ ਨੇ ਤੱਕੇ।

ਹਿਲ ਸਕਦੇ ਚਲ ਸਕਦੇ

ਹੱਥ ਵੀ ਬੱਝੇ ਪੈਰ ਵੀ ਬੱਝੇ

ਏਨੀ ਧੁੰਦ ਤੇ ਏਨਾ ਧੂੰਆਂ

ਪਿੰਡ ਵੀ ਕੱਜੇ ਸ਼ਹਿਰ ਵੀ ਕੱਜੇ

ਦੋਵਾਂ ਰਲ ਇਕੱਠੇ ਹੋ ਕੇ

ਵਾਰੋ ਵਾਰੀ ਸੰਗਲ ਕੱਟੇ

ਫੜੀ ਮਸ਼ਾਲ ਹਨੇਰੇ ਚੀਰੇ

ਇਤਹਾਸਾਂ ਦੇ ਪੰਨੇ ਪਲਟੇ।

ਅੱਜ ਹੈ ਕਲਮ ਦਾ ਹਰ ਇਕ ਅੱਖਰ

ਜਗਦਾ ਮਘਦਾ ਇਕ ਚੰਗਿਆੜਾ

ਸਦੀਆਂ ਦੱਬੀ ਮਿੱਟੀ ਹੇਠੋਂ

ਜੀਂਕਣ ਫੁੱਟਿਆ ਹੈ ਕੋਈ ਲਾਵਾ।

ਸਮਿਆਂ ਦੇ ਸਿਰਨਾਵੇਂ ਲਿਖਦੀ

ਕਲਮ ਤਾਂ ਮੇਰੀ ਤੁਰੀ ਰਹੇਗੀ

ਪੌਣਾੰ ਦਾ ਇਹ ਰੁਖ ਬਦਲੇਗੀ

ਨਵਾਂ ਫਲਸਫਾ ਫੇਰ ਕਹੇਗੀ

📝 ਸੋਧ ਲਈ ਭੇਜੋ