ਮੇਰੀ ਨਮਸਕਾਰ ਲੱਖ ਵਾਰੀ ਏ!

ਗੁਰੂ ਤੇਗ ਬਹਾਦੁਰ ਨੂੰ, ਹਿੰਦ ਦੀ ਚਾਦਰ ਨੂੰ 

ਮੇਰੀ ਨਮਸਕਾਰ ਲੱਖ ਵਾਰੀ ਏ! 

ਮਾਤ ਨਾਨਕੀ ਜਾਇਆਂ ਤੈਨੂੰ, ਅੱਲ੍ਹਾ ਆਪ ਘਲਾਇਆਂ ਤੈਨੂੰ! 

ਮੀਰੀ ਪੀਰੀ ਦੇ ਮਾਲਕ ਨੇ, ਸੀ ਪਰਪੱਖ ਬਣਾਇਆਂ ਤੈਨੂੰ!

ਸੱਚੀ ਸਰਕਾਰ ਤਾਂਈ, ਨਾਨਕ ਦੇ ਯਾਰ ਤਾਈਂ, 

ਅੱਜ ਝੁੱਕਦੀ ਖਲਕਤ ਸਾਰੀ ਏ! 

ਗੁਰੂ ਤੇਗ ਬਹਾਦੁਰ ਨੂੰ, ਹਿੰਦ ਦੀ ਚਾਦਰ ਨੂੰ 

ਮੇਰੀ ਨਮਸਕਾਰ ਲੱਖ ਵਾਰੀ ਏ! 

ਸੱਚ ਦੇ ਤੂੰ ਵਪਾਰ ਸੀ ਕੀਤੇ, ਦੁਨੀਆਂ ਤੇ ਉਪਕਾਰ ਸੀ ਕੀਤੇ! 

ਮੱਖਣ ਸ਼ਾਹ ਲੁਬਾਣੇ ਦੇ ਤੂੰ, ਡੁੱਬਦੇ ਬੇੜੇ ਪਾਰ ਸੀ ਕੀਤੇ! 

ਸੁਣੇ ਆਰਦਾਸਾਂ ਨੂੰ, ਦੁਖੀਆਂ ਦੀਆਂ ਆਸਾਂ ਨੂੰ,

ਫ਼ਲ ਪਾਉਦਾ ਖੁਦ ਨਿਰੰਕਾਰੀ ਏ! 

ਗੁਰੂ ਤੇਗ ਬਹਾਦੁਰ ਨੂੰ ਹਿੰਦ ਦੀ ਚਾਦਰ ਨੂੰ 

ਮੇਰੀ ਨਮਸਕਾਰ ਲੱਖ ਵਾਰੀ ਏ! 

ਪੰਡਤਾਂ ਦਾ ਬਣਕੇ ਹਮਸਾਇਆ, ਉਹਨਾਂ ਨੂੰ ਤੂੰ ਸੀਨੇ ਲਾਇਆ, 

ਸੀਸ ਵਾਰਕੇ ਚੌਂਕ ਚਾਂਦਨੀ, ਉਹਨਾਂ ਦਾ ਤੂੰ ਦਰਦ ਵੰਡਾਇਆ! 

ਤੇਰੀ ਕੁਰਬਾਨੀ ਦੀ, ਪਾਤਿਸ਼ਾਹ ਦਾਨੀ ਦੀ 

ਪੰਡ ਕਰਜੇ ਦੀ ਸਿਰ ਭਾਰੀ ਏ! 

ਗੁਰੂ ਤੇਗ ਬਹਾਦੁਰ ਨੂੰ ਹਿੰਦ ਦੀ ਚਾਦਰ ਨੂੰ 

ਮੇਰੀ ਨਮਸਕਾਰ ਲੱਖ ਵਾਰੀ ਏ! 

ਜੀਵਨ ਕੀਤਾ ਬਸਰ ਤੂੰ ਸਾਦਾ, ਗੋਬਿੰਦ ਦਾ ਸੀ ਉੱਚਾ ਮਾਦਾ! 

ਨੰਨ੍ਹੇ-ਨੰਨ੍ਹੇ ਧਰਮ ਕਮਾ ਗਏ, ਉਹਨਾਂ ਪੋਤਿਆਂ ਦਾ ਤੂੰ ਦਾਦਾ! 

ਦੁੱਖੜੇ ਜਰਕੇ ਤੇ, ਤੇਰੇ ਹੀ ਕਰਕੇ ਤੇ,

ਹਾਂ 'ਸੱਤਿਆ' ਅੱਜ ਸਰਦਾਰੀ ਏ! 

ਗੁਰੂ ਤੇਗ ਬਹਾਦੁਰ ਨੂੰ ਹਿੰਦ ਦੀ ਚਾਦਰ ਨੂੰ 

ਮੇਰੀ ਨਮਸਕਾਰ ਲੱਖ ਵਾਰੀ ਏ!

📝 ਸੋਧ ਲਈ ਭੇਜੋ