ਮੈਂ ਕੀ ਲਿਖਿਆ ਮੈਂ ਕਿੰਨਾ 'ਕ ਲਿਖਿਆ,
ਸਭ ਤੇਰੇ ਨਾਮ ਕਰਕੇ ਤੁਰ ਚੱਲਿਆਂ।
ਮੈਂ ਕਿੰਨਾ ਪਿਆਰ ਕੀਤਾ ਤੇ ਕਿੰਨੀ ਨਫ਼ਰਤ ਮਿਲੀ,
ਸਭ ਇਕੱਠਾ ਕਰ ਲੈ ਮੁੜ ਚੱਲਿਆਂ।
ਮੈਨੂੰ ਯਾਦ ਨਾ ਰੱਖਿਓ ਭੁੱਲ ਜਾਇਓ,
ਮੇਰੇ ਅਧੂਰੇ ਗੀਤ ਪੂਰੇ ਕਰ ਦਿਓ।
ਮਹਿਬੂਬ ਮਿਲੀ ਜੇ ਕਦੇ ਮੇਰੀ ਕਿਸੇ ਨੂੰ,
ਮੇਰਾ ਆਖ਼ਰੀ ਖ਼ਤ ਉਹਨੂੰ ਪੜ੍ਹ ਦਿਓ।
ਉਹਦੇ ਅੱਖੀਂ ਜੇ ਮੇਰੇ ਲਈ ਹੰਝੂ ਹੋਏ,
ਪਾ ਸ਼ੀਸ਼ੀ ਰੱਖ ਦੇਓ ਮੇਰੀ ਕਬਰ 'ਤੇ।
ਜੇ ਚਾਹਵੇ ਮਿਲਣਾ ਉਹ ਕਦੇ ਮੈਨੂੰ,
ਲੈ ਕੇ ਆ ਜਾਇਓ ਟੁੱਟੀ ਨੂੰ ਮੇਰੀ ਕਬਰ 'ਤੇ।
ਉਹਦੀ ਅੱਖੀਆਂ ਦੀ ਨਮੀ ਬੁਲਾਵੇ ਜੇ,
ਰੂਹ ਖ਼ੁਦਾ ਦੀ ਨੂੰ ਵੀ ਰੋਣਾ ਆ ਜਾਵੇਗਾ।
ਜੇ ਚਾਹਿਆ ਓਹਨੇ ਕਦੇ ਦਿਲ ਤੋਂ ਮੈਨੂੰ,
ਸ਼ੈਰੀ ਉੱਠ ਕਬਰਾਂ ਵਿੱਚੋਂ ਵੀਂ ਆ ਜਾਵੇਗਾ।
ਆਪਣੀ ਕਬਰ ਨੂੰ ਮੈਂ ਦੇ ਕੇ ਧੋਖਾ,
ਤੇਰੇ ਨਾਲ ਤੁਰ ਪਓ ਮੇਰੀ ਰੂਹ।
ਤੈਨੂੰ ਲਾਓਂ ਸੀਨੇ ਨਾਲ ਮੈਂ ਸੱਜਣਾ,
ਫੇਰ ਖੜ੍ਹੀ ਸ਼ਰਮਾਈ ਜਾਈਂ ਤੂੰ।
ਲੈ ਲਵੀਂ ਫੇਰੇ ਮੇਰੀ ਰੂਹ ਨਾਲ ਵੇ,
ਮੇਰੀ ਗੋਰ 'ਤੇ ਪੈਂਦੇ ਸ਼ਗਨ ਦੇਖੀਂ।
ਮੇਰੀ ਲਾਸ਼ ਜੋ ਮਿੱਟੀ ਦਾ ਬੁੱਤ,
ਮਿੱਟੀ ਚੋਂ ਆਉਂਦੀ ਮੇਰੀ ਖ਼ੁਸ਼ਬੂ ਦੇਖੀਂ।
ਚੰਦ ਤਾਰਿਆਂ ਮਿਲਕੇ ਸਾਰਿਆਂ,
ਜਸ਼ਨ ਅੰਬਰੀਂ ਦੇਖੀਂ ਮਨਾਉਣਾ ਹੋਊ।
ਕੁਦਰਤ ਸਾਰੀ ਇਕੱਠੀ ਹੋ ਕੇ ਨੀਂ,
ਫੁੱਲਾਂ ਦਾ ਹਾਰ ਬਣ ਪਾਉਣਾ ਹੋਊ।
ਸ਼ੈਰੀ ਦੀ ਕਲਮ ਨੇ ਹੱਸ ਕੇ,
ਗੀਤ ਲਿਖਣਾ ਕੋਈ ਪਿਆਰ ਵਾਲਾ।
ਕੋਇਲ ਤੋਂ ਲੈ ਕੇ ਆਵਾਜ਼ ਉਧਾਰੀ,
ਗੀਤ ਗਾਉਣਾ ਹੋਊ ਇਤਬਾਰ ਵਾਲਾ।
ਬਿਰਹੇ ਦਾ ਦਰਦ ਮੈਂ ਛੱਡ ਕੇ,
ਤੇਰੇ ਨਾਲ ਜਨਮਾਂ ਦੀ ਸਾਂਝ ਪਾ ਲੈਣੀ।
ਬਾਕੀ ਕਬਰਾਂ 'ਚ ਰੂਹਾਂ ਨੇ ਸੜ੍ਹਨਾ,
ਇੱਕ ਲਾਜ ਤੂੰ ਮੇਰੀ ਰੱਖ ਲੈਣੀ।