ਮੇਰੀ ਉਸਦੀ ਦੋਸਤੀ, ਨਿਭਦੀ ਨਜ਼ਰ ਅਓਂਦੀ ਨਈਂ

ਮੇਰੀ ਉਸਦੀ ਦੋਸਤੀ, ਨਿਭਦੀ ਨਜ਼ਰ ਅਓਂਦੀ ਨਈਂ

ਕੋਈ ਮੇਰੀ ਗੱਲ ਓਹਨੂੰ, ਸਿੱਧੀ ਨਜ਼ਰ ਅਓਂਦੀ ਨਈਂ

ਸੋਚਿਆਂ ਬਿਨ ਕਰ ਰਿਹੈ, ਮੇਰੇ ਤੇ ਓਹ ਸ਼ਿਕਵੇ ਗਿਲ੍ਹੇ,

ਉਸ ਨੂੰ ਖ਼ੌਰੇ ਮੇਰੀ ਮਜਬੂਰੀ, ਨਜ਼ਰ ਅਓਂਦੀ ਨਈਂ

ਝੋਲੀਆਂ ਭਰ ਲੋਕ ਬੈਠੇ, ਰੋੜਿਆਂ, ਪਥਰਾਂ ਦੇ ਨਾਲ,

ਇਸ਼ਕ ਮੁਖੜੇ ਡਰ ਦੀ ਪਰ, ਰੱਤੀ ਨਜ਼ਰ ਅਓਂਦੀ ਨਈ

ਵੇਖ ਮਜ਼ਲੂਮਾਂ ਨੂੰ ਜਾਂ, ਓਹ ਜਾਣ ਕੇ ਚੁਪ ਹੋ ਰਿਹੈ,

ਯਾ ਫ਼ਿਰ ਇਸ ਆਕਾਸ਼ ਨੂੰ, ਧਰਤੀ ਨਜ਼ਰ ਅਓਂਦੀ ਨਈਂ

ਚਾੜ੍ਹ ਲਏ ਲੋਕਾਂ ਚੁਬਾਰੇ, ਮੇਰੇ ਘਰ ਦੇ ਹਰ ਤਰਫ਼,

ਮੇਰੇ ਘਰ ਹੁਣ ਧੁਪ ਉਤਰਦੀ ਵੀ, ਨਜ਼ਰ ਅਓਂਦੀ ਨਈ

ਹਸਦੀਆਂ ਸ਼ਕਲਾਂ ਦੇ ਪਿੱਛੇ, ਤਿਊੜਿਆਂ ਤੇ ਨਫ਼ਰਤਾਂ,

ਏਥੇ ਕੋਈ ਚੀਜ਼ ਵੀ ਅਸਲੀ, ਨਜ਼ਰ ਅਓਂਦੀ ਨਈਂ

ਜਿਹਨੀਂ ਡਾਲੀਂ ਗੌਂ ਕੇ ਪੰਛੀ, ਉੱਡ ਗਏ, ਪਰਤੇ ਨਈਂ,

ਓਹਨਾਂ ਰੁੱਖਾਂ ਤੇ ਹੀ ਹਰਿਆਲੀ, ਨਜ਼ਰ ਅਓਂਦੀ ਨਈਂ

ਜ਼ਿਹਨ ਦੇ ਆਲ਼ੇ ਦਵਾਲੇ, ਏਸਰੈਂ ਗੂੜ੍ਹਾ ਧੁਆਂ,

ਸ਼ਕਲ ਸੋਚਾਂ ਨੂੰ ਵੀ ਹੁਣ ਅਪਣੀ, ਨਜ਼ਰ ਅਓਂਦੀ ਨਈਂ

ਲਗ ਗਈ ਜਿਸ ਨੂੰ ਬਿਮਾਰੀ, ਪਿਆਰ ਦੀ ਬਸ ਇਕ ਦਫ਼ਾ,

ਨਾਲ ਦਾਰੂ ਧਾਗਿਆਂ, ਜਾਂਦੀ ਨਜ਼ਰ ਅਓਂਦੀ ਨਈਂ

ਬੰਦ ਕਰ 'ਅਸ਼ਰਫ਼', ਕਮਾਈ ਸਿਫ਼ਰ ਤੋਂ ਵਧਣੀ ਨਈਂ,

ਇਸ਼ਕ ਦੀ ਹੱਟੀ ਦੇ ਵਿਚ ਖੱਟੀ, ਨਜ਼ਰ ਅਓਂਦੀ ਨਈਂ

📝 ਸੋਧ ਲਈ ਭੇਜੋ