ਮੇਰੀਆਂ ਬਾਹਾਂ ’ਚ ਤੇਰਾ ਸਿਰ ਛੁਪਾਣਾ ਦੇਰ ਤੱਕ।
ਯਾਦ ਮੈਨੂੰ ਵੀ ਰਹੂ ਚੇਤਰ ਸੁਹਾਣਾ ਦੇਰ ਤੱਕ।
ਕੇਸੂਆਂ ਉਹਲੇ ਤਿਰਾ ਛੁਪਣਾ ਜਦੋਂ ਮੈਂ ਵੇਖਣਾ,
ਫਿਰ ਤਿਰਾ ਫੁੱਲਾਂ ਦੇ ਵਿਚੋਂ ਮੁਸਕਰਾਣਾ ਦੇਰ ਤਕ।
ਪੁੱਛਣਾ ਮੈਥੋਂ ਕਿ ‘ਸੂਰਜ ਕਿਸ ਦਿਸ਼ਾ 'ਚੋਂ ਚੜ੍ਹ ਰਿਹੈਂ?'
ਗੋਰਿਆਂ ਹੱਥਾਂ ਦੀ ਫਿਰ ਮਹਿੰਦੀ ਵਿਖਾਣਾ ਦੇਰ ਤਕ।
ਸਾਂਭਕੇ ਰੱਖਣਾ ਤਿਰਾ ਮੁੜ ਮੁੜ ਕਿਤਾਬਾਂ ਮੇਰੀਆਂ,
ਫੇਰ ਅੰਗੀਠੀ ਤੇ ਗੁਲਦਸਤੇ ਸਜਾਣਾ ਦੇਰ ਤੱਕ।
ਸਾਵੀਆਂ ਕਣਕਾਂ, ਬਸੰਤੀ ਧੁੱਪ ਤੇ ਸਰੂਆਂ ਦੇ ਫੁੱਲ,
ਮੌਸਮਾਂ ਦਾ ਦੂਰ ਤੋਂ ਮੈਨੂੰ ਬੁਲਾਉਣਾ ਦੇਰ ਤੱਕ।
ਰੋਂਦੀਆਂ ਮੈਂ ਚਾਨਣੀ ਵਿਚ ਵੇਖੀਆਂ ਉਹ ਪੈਲੀਆਂ,
ਜਿਸ ਜਗ੍ਹਾ ਤੇਰਾ ਰਿਹਾ ਸੀ ਔਣਾ ਜਾਣਾ ਦੇਰ ਤਕ।
ਫਿਰ ਤਿਰਾ ਇਕ ਅਜਨਬੀ ਦੇ ਨਾਲ ਜਾਣਾ ਯਾਦ ਹੈ,
ਮੁੜਨ ਵੇਲੇ ਪੁਲ ਉਸੇ ਤੇ ਠਹਿਰ ਜਾਣਾ ਦੇਰ ਤਕ।