ਮਿਜਾਜ਼ ਮੌਸਮ ਦਾ ਖ਼ੌਰੇ ਕੀਹਨੇ

ਮਿਜਾਜ਼ ਮੌਸਮ ਦਾ ਖ਼ੌਰੇ ਕੀਹਨੇ ਸ਼ਦੀਦ ਕੀਤਾ

ਖ਼ਿਜ਼ਾਂ ਦੇ ਖੰਜਰ ਨੇ ਪੱਤਾ ਪੱਤਾ ਸ਼ਹੀਦ ਕੀਤਾ

ਹਵਾ ਨੇ ਉਹਦੇ ਸ਼ਰੀਰ ਵਿੱਚੋਂ ਮਿਠਾਸ ਚੁਣ ਲਈ,

ਅਸਾਂ ਗ਼ਰੀਬਾਂ ਨੇ ਜਿਹੜਾ ਮੇਵਾ ਖ਼ਰੀਦ ਕੀਤਾ

ਤਿਰੀ ਨਜ਼ਰ ਦੀ ਫ਼ਰਾਤ ਕੰਢੇ ਨਾ ਪਿਆਸ ਬੁੱਝੀ,

ਤੂੰ ਪਿਆਰ ਦਰਿਆ ਦਾ ਕਤਰਾ ਕਤਰਾ ਬਦੀਦ ਕੀਤਾ

ਅਦਬ ਦੀ ਖੇਤੀ 'ਚ ਵੰਨ ਸੁਵੰਨੇ ਖ਼ਿਆਲ ਬੀਜੇ,

ਅਸਾਂ ਅਦਬ ਦਾ ਕਦੀਮ ਲਹਿਜ਼ਾ ਜਦੀਦ ਕੀਤਾ

ਜਦੋਂ ਵੀ ਨਿਕਲੀ ਮੁਨਾਫ਼ਕਤ ਦੀ ਸ਼ਰਾਬ ਨਿਕਲੀ,

ਖਲੂਸ ਜਦ ਵੀ ਮੈਂ ਦੋਸਤਾਂ ਦਾ ਕਸੀਦ ਕੀਤਾ

ਇਹ ਯਾਰੀਆਂ ਵੀ ਜ਼ਰੂਰਤਾਂ ਦੇ ਤਬਾਦਲੇ ਨੇ,

ਜ਼ਰੂਰਤਾਂ ਨੇ ਇਹ ਪਾਕ ਜਜ਼ਬਾ ਪਲੀਦ ਕੀਤਾ

ਅਸੀਂ ਆਂ 'ਕੁਦਸੀ' ਉਹ ਲੋਕ ਜਿਨ੍ਹਾਂ ਗ਼ਜ਼ਲ ਘਰਾਣਾ-

ਅਦਬ ਦੇ ਪੈਰਾਂ ਤੋਂ ਖੋਹਕੇ ਅਪਣਾ ਮੁਰੀਦ ਕੀਤਾ

📝 ਸੋਧ ਲਈ ਭੇਜੋ