ਮਿਰੇ ਦਿਲ ਦੇ ਅੰਬਰ ਤੇ ਤਾਰੇ ਬੜੇ ਨੇ ।
ਮੁਹੱਬਤ ਦੇ ਇਹ ਦਾਗ਼ ਪਿਆਰੇ ਬੜੇ ਨੇ ।
ਕਿਸੇ ਦੀ ਨਜ਼ਰ ਦੇ ਇਸ਼ਾਰੇ ਬੜੇ ਨੇ ।
ਅਸਾਨੂੰ ਇਹ ਖ਼ਾਮੋਸ਼ ਲਾਰੇ ਬੜੇ ਨੇ ।
ਤਪਸ਼ ਫਿਕਰ ਤੇ ਦਰਦ ਸਭ ਦੇਣ ਤੇਰੀ
ਮੁਹੱਬਤ ਦੇ ਇਹ ਵੀ ਸਹਾਰੇ ਬੜੇ ਨੇ ।
ਉਹ ਚੁੰਮੇਗਾ ਕੀ ਜਾਕੇ ਲਹਿਰਾਂ ਦਾ ਜੋਬਨ
ਜਿਥੇ ਦਿਲ ਨੂੰ ਪਿਆਰੇ ਕਿਨਾਰੇ ਬੜੇ ਨੇ ।
ਇਧੀ ਲਾਟ ਖਿਚਦੀ ਹੈ ਪਰਵਾਨਿਆਂ ਨੂੰ
ਤੇਰੇ ਹੁਸਨ ਦੇ ਰੰਗ ਨਿਆਰੇ ਬੜੇ ਨੇ ।
ਇਕੱਲਾ ਹੀ ਹੰਝੂ ਨਹੀਂ ਕੇਰਦਾ ਮੈਂ
ਜ਼ਮਾਨੇ ਚ ਉਲਫ਼ਤ ਦੇ ਮਾਰੇ ਬੜੇ ਨੇ ।
ਨਿਸ਼ਾਨੇ ਤੇ ਬੈਠਾ ਨਹੀਂ ਇਕ ਵੀ ਅਜ ਤਕ
ਤੁਸੀਂ ਤੀਰ ਕਸ ਕਸ ਕੇ ਮਾਰੇ ਬੜੇ ਨੇ।
ਵਿਗੜਣਾ ਵੀ ਓਹਨਾਂ ਦਾ ਸਮਝ ਸੰਵਰਨਾ
ਵਿਗੜ ਕੇ ਵੀ ਲਗਦੇ ਉਹ ਪਿਆਰੇ ਬੜੇ ਨੇਂ ।
ਤਿਰੀ ਮੁਸਕਰਾਹਟ ਹੈ ਜਾ ਕੋਈ ਬਿਜੁਲੀ
ਤਿਰੀ ਮੁਸਕਰਾਹਟ ਦੇ ਮਾਰੇ ਬੜੇ ਨੇ।
ਜੁਦਾਈ ਚ ਜਿਹੜੇ ਗੁਜ਼ਰਦੇ ਨਹੀਂ ਸਨ
ਅਸੀਂ ਐਸੇ ਦਿਨ ਵੀ ਗੁਜ਼ਾਰੇ ਬੜੇ ਨੇ ।
ਨਿਭਾਇਆ ਨਹੀਂ ਕੌਲ ਉਸਨੇ ਕਦੇ ਵੀ
ਉਧੇ ਪਾਸ 'ਹਮਦਰਦ' ਲਾਰੇ ਬੜੇ ਨੇ ।