ਠੀਕ ਇਹ ਮਿੱਟੀ ਦਾ ਪੁਤਲਾ ਹੀ ਸਹੀ
ਮੰਨਿਆਂ ਇਸ ਦੀ ਹਕੀਕਤ ਬਹੁਤ ਨਹੀਂ।
ਇਕ ਸ਼ੁਅਲਾ ਪਰ ਹੈ ਇਸ ਵਿਚ ਭੜਕਦਾ,
ਸਭ ਹਕੀਕਤ ਹੈ ਇਹੋ ਮੇਰੇ ਲਈ
ਗਿੱਲ ਹੀ ਚੋਂ ਗੁੱਲ ਖਿੜਦੇ ਨੇ ਸਦਾ।
ਠੀਕ ਇਹ ਮਿੱਟੀ ਦਾ ਪੁਤਲਾ ਹੀ ਸਹੀ,
ਲੇਖ-ਬੰਧਨ ਦੀ ਕਹਾਣੀ ਰਹਿਣ ਦੇ,
ਹੋ ਗਈ ਇਹ ਗੱਲ ਪੁਰਾਣੀ ਰਹਿਣ ਦੇ,
ਏਸ ਮਿੱਟੀ ਦੀ ਰਤਾ ਤਦਬੀਰ ਤਕ !
ਧਰਤ-ਖਿੱਚ ਦੀ ਟੁੱਟਦੀ ਜ਼ੰਜੀਰ ਤਕ !
ਵੇਖ ਮਿੱਟੀ ਅੰਬਰਾਂ ਤੇ ਛਾ ਗਈ
ਵੇਖ ਮਿੱਟੀ ਭੇਤ ਕੀ ਕੀ ਪਾ ਗਈ !
ਮੰਨਿਆ ਕਿ ਸੰਘਣੀ ਦੁੱਖਾਂ ਦੀ ਭੀੜ,
ਮੈਂ ਨਹੀਂ ਕਹਿੰਦਾ ਕਿ ਮੁੱਕ ਜਾਵੇਗੀ ਪੀੜ,
ਮੈਂ ਇਹ ਕਹਿੰਦਾ ਹਾਂ ਸ਼ਕਲ ਵਟਦੀ ਰਹੇ,
ਮੈਂ ਇਹ ਚਾਹੁੰਦਾ ਹਾਂ ਸਦਾ ਘਟਦੀ ਰਹੇ।
ਮੈਂ ਨਹੀਂ ਕਹਿੰਦਾ ਕਿ ਧਰਤੀ ਸੁਰਗ ਹੈ,
ਨਾ ਮੈਂ ਕਹਿੰਦਾ ਹਾਂ ਸੁਰਗ ਬਣ ਜਾਏਗੀ।
ਸੁਰਗ ਅਸਲੀਅਤ ਨਹੀਂ ਆਦਰਸ਼ ਹੈ।
ਅਸਲੀਅਤ ਆਦਰਸ਼ ਦਾ ਸੰਘਰਸ਼ ਹੈ,
ਬਸ ਇਹੋ ਸੰਘਰਸ਼ ਹੈ ਇਹ ਜ਼ਿੰਦਗੀ,
ਇਹ ਜੋ ਮਿੱਟੀ ਵਿਚ ਸ਼ੁਅਲਾ ਮਚਲਦਾ।
ਸ਼ੁਕਰ ਹੈ ਮੰਜ਼ਿਲ ਨਹੀਂ ਇਕ ਥਾਂ ਖੜੀ,
ਨਹੀਂ ਤਾਂ ਪੈ ਜਾਣੀ ਸੀ ਇਕ ਮੁਸ਼ਕਲ ਬੜੀ।
ਏਸ ਸ਼ੁਅਲੇ ਨੇ ਸਦਾ ਸੀ ਭੜਕਣਾ,
ਪਾ ਕੇ ਮੰਜ਼ਿਲ ਜੀ ਨਹੀਂ ਸੀ ਪਰਚਣਾ,
ਫੇਰ ਪੈ ਜਾਣਾ ਸੀ ਪਿੱਛੇ ਪਰਤਣਾ,
ਅੱਗੇ-ਅੱਗੇ ਵੱਧ ਰਹੇ ਜਿਉਂ-ਜਿਉਂ ਕਦਮ,
ਪਿੱਛੇ ਪਿੱਛੇ ਹੱਟ ਰਹੀ ਹੈ ਹਰ ਘੜੀ
ਸ਼ੁਕਰ ਹੈ ਮੰਜ਼ਿਲ ਨਹੀਂ ਇਕ ਥਾਂ ਖੜੀ।
ਠੀਕ ਇਹ ਮਿੱਟੀ ਦਾ ਪੁਤਲਾ ਹੀ ਸਹੀ,
ਪਰ ਬੜਾ ਕਰਤਬ ਹੈ ਇਸ ਦੀ ਜ਼ਿੰਦਗੀ।
ਭੜਕਦਾ ਸ਼ੁਅਲਾ ਰਹੇ ਨਿੱਤ ਭੜਕਦਾ।
ਰਹਿਣ ਗਿੱਲ 'ਚੋਂ ਗੁੱਲ ਨਵੇਂ ਖਿੜਦੇ ਸਦਾ