ਮਿੱਟੀ ਕਬਰਸਥਾਨ ਦੀ
ਉੱਚੀ ਰਹੀ ਪੁਕਾਰ
ਮੈ ਚਸ਼ਮਦੀਦ ਗੁਵਾਹ ਹਾਂ
ਏਸ ਗੱਲ ਦੀ ਯਾਰ
ਕਈਆਂ ਜੋਰਾਵਰਾਂ ਦਾ
ਏਥੇ ਆ ਟੁੱਟਦਾ ਹੰਕਾਰ
ਕਿੰਨ੍ਹੇ ਏਥੇ ਖੱਪ ਗਏ
ਲਹੂ ਪੀਣੇਂ ਸ਼ਾਹੂਕਾਰ
ਕਈ ਕੱਲਮ ਕੱਲ੍ਹੇ ਹੋ ਗਏ
ਕਈ ਤੁਰਗੇ ਸਣ ਪ੍ਰਵਾਰ
ਲਹਿ ਜਾਂਦੇ ਸਾਹਲੂ ਰੱਤੜੇ
ਜਦ ਤੁਰ ਜਾਂਦੇ ਦਿਲਦਾਰ
ਕਿਤੇ ਮਾਂਵਾਂ ਤੱਕੀਆ ਤੁਰਦੀਆਂ
ਛੱਡ ਰੋਂਦੇ ਬਰਖੁਰਦਾਰ
ਕਿਤੇ ਤੁਰਗੇ ਪੁੱਤਰ ਗੱਭਰੂ
ਪਿਉ ਫੂਕੇ ਧਾਹਾ ਮਾਰ
ਕਿਤੇ ਮਾਰ ਦੁਹੱਥੜਾ ਪਿੱਟ ਦੀ
ਰੁੱਤ ਜੋਬਨ ਤੇ ਮੁਟਿਆਰ
ਕੱਲ ਲੰਘਿਆ ਦਿਨ ਸੁਹਾਗ ਦਾ
ਅੱਜ ਤੁਰ ਗਿਆ ਛੱਡ ਭਤਾਰ
ਸੱਚ ਜਾਣੀ ਖਾਜਾ ਮੌਤ ਦਾ
ਇਹ ਹੈ ਸਾਰਾ ਸੰਸਾਰ
ਹੋਏ ਲੱਖਾਂ ਏਥੇ ਰਾਖ ਨੇ
ਭਾਈ ਜਿੰਦ ਦੀ ਬਾਜੀ ਹਾਰ
ਜਾਏ ਵਕਤ ਅਮਰ ਕਹੇ ਬੀਤਦਾ
ਕੁਝ ਹੱਥ ਅਕਲ ਨੂੰ ਮਾਰ
ਜੇ ਚਾਹਵੇਂ ਮਰ ਕੇ ਜੀਵਨਾਂ
ਫਿਰ ਰੱਜ ਰੱਜ ਵੰਡ ਪਿਆਰ....