ਮਿੱਟੀ ਤੋਂ ਇਨਸਾਨ ਨੇ ਬਣਦੇ, ਹੁੰਦੇ ਇੱਕ ਦਿਨ ਮਿੱਟੀ।
ਮਿੱਟੀ ਨਾਲ਼ ਕੋਠੇ ਛੱਤ ਪਾਕੇ, ਜਾਣ ਮਿੱਟੀ ਨਾਲ ਲਿੱਪੀ।
ਕਈ ਮਿੱਟੀ ਦੀਆਂ ਇੱਟਾਂ ਲਾ ਕੇ, ਕਰਦੇ ਖੜ੍ਹਾ ਮਕਾਨ।
ਘਰ ਉਹਦਾ ਨਾਮ ਬੰਦਿਆ, ਜਿੱਥੇ ਵੱਸਦੇ ਨੇ ਇਨਸਾਨ।
ਕਈਆਂ ਨੇ ਮਕਾਨ ਬਣਾ, ਲਾਤੇ ਸ਼ੀਸ਼ੇ ਪੱਥਰ ਰਗੜ ਕੇ।
ਵੱਢ ਕੇ ਰੁੱਖਾਂ ਸੇਜ ਬਣਾਈ, ਵਿੱਚ ਹੀਰੇ-ਮੋਤੀ ਜੜਤੇ।
ਕੋਈ ਇਹਨਾਂ ਕੋਠੀ ਆਖੇ, ਕੋਈ ਆਖੇ ਮਹਿਲ ਨੇ ਪਾਏ।
ਮਹਿਲ ਕਦੇ ਨਾ ਘਰ ਬਣਨੇ, ਜਿੰਨਾ ਕਹਿਰ ਇਹ ਢਾਹੇ।
ਹਿੱਕ ਮਿੱਟੀ ਦੀ ਪਾੜ ਕੇ ਤੂੰ, ਕੱਢ ਧਾਤੂ ਵਸਤੂਆਂ ਘੜਦੈਂ
ਆਪਣੀ ਜਾਈ ਜਾਏ ਫ਼ਰਕ ਕਰ, ਕੁੱਖਾਂ ਜ਼ਖ਼ਮੀ ਕਰਦੈਂ।
ਧਰਤੀ ਤੇ ਵਿਨਾਸ਼ ਵਾਲ਼ਿਆ, ਕਿਸ ਲਈ ਬੰਗਲੇ ਪਾਉਂਦੈਂ।
ਵੱਢਣੋਂ ਰੁੱਖਾਂ ਹਟ ਜਾ ਹੁਣ, ਮਕਾਨ ਨੂੰ ਘਰ ਜੇ ਚਾਹੁੰਦੈਂ।
ਮਿੱਟੀ ਹਾਂ ਤੇਰੀ ਖ਼ਾਤਰ ਮੈਂ, ਹਰ ਰੰਗ ਢਲ਼ਦੀ ਆਈ।
ਪਰ ਤੂੰ ਬੰਦਿਆਂ ਆਪਣੀ ਵਾਰੀ, ਫ਼ਰਜ਼ਾਂ ਮਿੱਟੀ ਪਾਈ।
ਕਦੇ ਸੁੱਟੇਂ ਅਸਮਾਨੀ ਧੂੰਏਂ, ਕਦੇ ਪਾਣੀ ਗੰਧਲਾ ਕਰਦੈਂ।
ਮਹਿਲ ਮਾੜੀਆਂ ਕੀ ਕਰਨੇ, ਜਦ ਸਾਹ ਬਿਨ ਮੁੱਕੇ ਘਰਦੇ।
ਹੱਥ ਜੋੜ ਸਰਬ ਕਰੇ ਬੇਨਤੀ, ਰੁੱਖ ਵੱਢਣੇ ਬੰਦ ਕਰਦੇ।
ਕਾਦਰ ਆਪਣੀ ਕੁਦਰਤ ਨਾਲ, ਬਹੁਤੇ ਖਿਲਵਾੜ ਨਾ ਜਰਦੇ।
ਮਿੱਟੀ ਨਾਲ਼ ਮਕਾਨ ਨੇ ਬਣਦੇ, ਜੀਆਂ ਨਾਲ਼ ਬਣਦੇ ਘਰ।
ਕੁਦਰਤ ਦੇ ਕਹਿਰ ਤੋਂ ਡਰ, ਮਿੱਟੀਏ, ਮਿੱਟੀ ਨਾ ਬਰਬਾਦ ਕਰ।