ਮਿੱਟੀਏ ਨੀ
ਧਰਤ ਸੁਹਾਗਣੇ
ਤੇਰੇ ਕੁੱਖ ਵਿਚ ਸੂਰਜ ਸੌਣ
ਚਮਕਣ ਚੰਦ ਤੇ ਤਾਰੇ
ਚਵਰ ਕਰਦੀ ਪੌਣ
ਰੁੱਖ ਤੇਰਾ ਟੁੱਕ ਖਾਂਦੇ
ਪੰਛੀ ਡਾਲੀਂ ਗਾਉਣ
ਨੀ ਮਿੱਟੀਏ ਤੈਨੂੰ ਚੁੱਕ ਚੁੱਕ ਮੱਥੇ ਲਾਉਣ
ਤੂੰ ਸਾਡੀ ਮਿੱਟੀ
ਅਸੀਂ ਤੇਰੇ ਰੁੱਖ
ਗੋਦ ਤੇਰੀ ਦੇ ਮਿਣਦੇ ਸੁੱਖ
ਤਾਰਿਆਂ ਵਰਗੀ ਬਣ ਕੇ ਭੁੱਖ
ਜ਼ਹਾਨ ਤੇਰੇ ਤੂੰ ਸਾਡੀ ਰੁੱਤ
ਭਿੱਜੇ ਹੰਝੂ ਜਾਵਣ ਸੁੱਕ
ਗਰਭ ਚੋਂ ਤੇਰੇ ਤਾਰੇ ਆਏੇ
ਪਰਬਤ ਪੱਬਾਂ ਹੇਠ ਵਿਛਾਏ
ਸਾਗਰ ਘੁੱਟ ਭਰ ਪਿਆਸ ਬੁਝਾਈ
ਕੱਲ ਇਕ ਰਿਸ਼ਮ ਮਿਲਣ ਨੂੰ ਆਈ
ਹੱਥਾਂ 'ਤੇ ਰੱਖ ਦੁਨੀਆਂ ਸਾਰੀ
ਜੱਗ ਮਾਰੀ ਉੱਚੀ ਕਿੱਲਕਾਰੀ
ਤੂੰ ਹੋ ਗਈ ਸਾਡੀ ਕੱਲ ਸਾਰੀ
ਖੰਭਾਂ ਬਿਨ ਅਸਾਂ ਭਰੀ ਉਡਾਰੀ
ਕਿੱਥੇ ਰਹਿ ਗਈ ਤੇਰੀ ਮਿੱਟੀ
ਕਿੱਥੇ ਮੇਰੀ ਮਿੱਟੀ ਧੁਖ਼ ਜਾਣਾ
ਇੱਕ ਪਾਸਿਓਂ ਸੂਰਜ ਬਣ ਕੇ
ਦੂਜੇ ਪਾਸੇ ਅਸੀਂ ਛੁਪ ਜਾਣਾ
ਤੂੰ ਮੇਰੀਆਂ ਖੇਡਾਂ ਮਿੱਟੀਏ
ਖੇਡਦਿਆਂ ਅਸੀਂ ਘਰ ਬਣਾਏ
ਜਿਹੜੇ ਸਾਡੇ ਮਨ ਨੂੰ ਭਾਏ-
ਪੈਰਾਂ ਨਾਲ ਬਣਾ ਕੇ ਢਾਏ
ਹੁਸਨ ਤੇਰੇ ਤੋਂ ਗੀਤ ਲਿਖਾ ਕੇ
ਅੱਜ ਤੇਰੇ ਨਾਲ ਖੇਡਣ ਆਏ
ਕਈ ਬਣਾਈਆਂ ਉੱਡਦੀਆਂ ਚਿੜੀਆਂ
ਹੱਥਾਂ ਦੇ ਵਿਚ ਫੁੱਲ ਬਣ ਖਿੜ੍ਹੀਆਂ
ਰੰਗਲੀਆਂ ਪਾਈਆਂ ਧਰਤ ਤੇ ਪਿੜੀਆਂ
ਸਿਖ਼ਰ ਦੁਪਹਿਰੇ ਰੀਝਾਂ ਛਿੜੀਆਂ
ਪਹਾੜ ਤੇ ਚਟਾਨਾਂ ਢਾਹ ਕੇ
ਮੰਜ਼ਿਲਾਂ ਵਿਚ ਤੈਨੂੰ ਵਿਛਾ ਕੇ
ਤੇਰੀ ਮਹਿਕ ਫੁੱਲ ਬਣ ਜਾਵੇ
ਜਦ ਕਣੀ ਕੋਈ ਗਰਭ ਸਮਾਵੇ
ਹਰ ਸੁਗੰਧ ਅੰਬਰ ਬਣ ਛਾਵੇ
ਤੂੰ ਤਾਂ ਮੇਰੀ ਮਾਂ ਵਰਗੀ ਏਂ
ਸੰਘਣੀ ਜੇਹੀ ਛਾਂ ਵਰਗੀ ਏਂ
ਖੇਡਣ ਵਾਲੀ ਥਾਂ ਵਰਗੀ ਏਂ
ਨਵੀਂ ਮੁਹੱਬਤ ਨਾਂਹ ਵਰਗੀ ਏਂ
ਤੂੰ ਏਂ ਕਿਸੇ ਬਹਾਰ ਦੀ ਰੁੱਤ
ਜੰਮਦੀਂ ਚੰਨ ਸਿਤਾਰੇ ਪੁੱਤ
ਇਹ ਮਿਲਣ ਮਿੱਟੀਆਂ ਦੇ ਸਾਰੇ
ਰਹਿ ਜਾਣੇ ਏਥੇ ਚਾਅ ਕੁਆਰੇ
ਜਿਹੜੇ ਅੱਜ ਮਿਲੇ ਸਨ ਹੱਸ ਕੇ
ਉਹ ਭਲਕੇ ਨਹੀ ਮਿਲਣੇ ਤਾਰੇ
ਖੇਡਦਿਆਂ ਦਿਨ ਰਾਤ ਟੁਰ ਜਾਣੇ
ਠੱਲਦਿਆਂ ਕੱਚੇ ਹਿੱਕੀਂ ਖੁਰ ਜਾਣੇ
ਰਹਿ ਜਾਣੇ ਪਏ ਖ਼ਾਬ ਸਰ੍ਹਾਣੇ
ਸੁਫ਼ਨੇ ਆਏ ਤਾਂ ਟੁੱਟਣੇ ਤਾਣੇ
ਕੀ ਤੇਰੀ ਤਕਦੀਰ ਨੀ ਅੜੀਏ
ਖਿੱਚ ਕੋਈ ਲਕੀਰ ਤਾਂ ਪੜ੍ਹੀਏ
ਹਿੱਕ ਤੇਰੀ ਤੋਂ ਅਰਸ਼ੀਂ ਚੜ੍ਹੀਏ
ਰੋਜ਼ ਤੈਨੂੰ ਖ਼ਾਬਾਂ ਵਿਚ ਜੜ੍ਹੀਏ
ਇਹ ਵੇਲਾ ਕੋਈ ਸੁਗੰਧ ਬਣਾਈਏ
ਹਰ ਦਿਨ ਰਾਤ ਦੀ ਅੱਖ ਚ ਪਾਈਏ
ਕਣ 2 ਤਾਰੇ ਹੋਰ ਸਜਾਈਏ
ਚੁੱਪ ਹਵਾਵਾਂ ਮਹਿਕ ਬਣ ਜਾਈਏ
ਤੂੰ ਮੇਰੀ ਤਾਰੀਖ਼ ਨਾ ਖੋਲੀਂ
ਐਵੈਂ ਕੁੱਖ ਦੇ ਦੁੱਖ ਨਾ ਫ਼ੋਲੀਂ
ਹੌਲੀ ਬੋਲ ਉੱਚਾ ਨਾ ਬੋਲੀਂ
ਸੱਚ ਜੇ ਹੋਟੀਂ ਘੱਟ ਨਾ ਤੋਲੀਂ
ਏਦਾਂ ਹੀ ਹੁਣ ਵਕਤ ਹੈ ਕਹਿੰਦਾ
ਚੰਨ ਜੇ ਪੱਲੇ ਜ਼ਬਰ ਵੀ ਸਹਿੰਦਾ
ਵਿਚ ਦਰਿਆਵੀਂ ਕੂੜ ਸੱਭ ਵਹਿੰਦਾ
ਅੰਬਰ ਤਾਂਹੀਂ ਝੜ੍ਹਦਾ ਰਹਿੰਦਾ
ਚੰਨ ਕੋਲ ਤੇਰੇ ਨਾ ਬਹਿੰਦਾ