ਚਿੱਤ ਕਰੇ ਕਵੀ ਬਣਾਂ ਕਰਾਂ ਤਾਰਿਆਂ ਦੀ ਗੱਲ

ਚੰਗੇ ਮੰਦੇ ਉੱਚੇ ਨੀਵੇਂ ਬੰਦੇ ਸਾਰਿਆਂ ਦੀ ਗੱਲ

ਗੱਲਾਂ ਨਾਲ ਢਕ ਦਿਆਂ ਦੁਨੀਆਂ ਦੇ ਦੁੱਖ ਸਾਰੇ

ਏਦਾਂ ਹੀ ਮੈਂ ਤੱਕ ਲਵਾਂ ਕਿੱਥੇ ਕਿਵੇਂ ਭੁੱਖ ਮਾਰੇ।

ਠੰਢੀ ਛਾਵੇਂ ਬੈਠ ਲਿਖਾਂ ਅੱਗ ਦਿਆਂ ਸਾੜਿਆਂ ਗੱਲ।

ਚਿੱਤ ਕਰੇ ਕਵੀ ਬਣਾਂ ………..

ਸੱਚ ਦੀ ਜੇ ਗੱਲ ਹੋਵੇ ਖੂੰਜੇ ਲੱਗ ਜਾ ਖਲੋਵਾਂ

ਜਾਗਣ ਦੀ ਲੋੜ ਹੋਵੇ ਮਾਰ ਕੇ ਘਰਾੜੇ ਸੋਵਾਂ।

ਦੱਸ ਕਾਹਤੋਂ ਕਰਾਂ ਤਕਦੀਰੋਂ ਹਾਰਿਆਂ ਦੀ ਗੱਲ।

ਚਿੱਤ ਕਰੇ ਕਵੀ ਬਣਾਂ…………..

ਉੱਚੀਆਂ ਕਹਾਣੀਆਂ ਦੀ, ਰਾਜਿਆਂ ਤੇ ਰਾਣੀਆਂ ਦੀ

ਕਰੀ ਜਾਵਾਂ ਗੱਲ ਬੱਸ ਝੀਲਾਂ ਅਤੇ ਪਾਣੀਆਂ ਦੀ।

ਭੁੱਲ ਕੇ ਨਾ ਛੇੜਾਂ ਝੁੱਗੀਆਂ ਤੇ ਢਾਰਿਆਂ ਦੀ ਗੱਲ

ਚਿੱਤ ਕਰੇ ਕਵੀ ਬਣਾਂ ……………

ਕਵੀ ਦਰਬਾਰ ਜਾ ਕੇ ਸ਼ੇਅਰ ਆਪਣੇ ਸੁਣਾ ਕੇ

ਕਿਸੇ ਦੀ ਨਾ ਸੁਣਾਂ ਗੱਲ ਆਪਣੀ ਸੁਣਾ ਕੇ।

ਦੱਸ ਜਾਵਾਂ ਸ਼ਮੀ ਨੂੰ ਸਿਤਾਰਿਆਂ ਦੀ ਗੱਲ।

ਚਿੱਤ ਕਰੇ ਕਵੀ ਬਣਾਂ …………

📝 ਸੋਧ ਲਈ ਭੇਜੋ