ਮੁੱਦਤ ਬਾਅਦ 

ਫੁੱਲ ਪੱਤੀਆਂ ਨੇ ਅੰਬਰ ਬੂਹੇ ਖੋਲ੍ਹੇ 

ਅਸਮਾਨ ਨੂੰ ਮਸਾਂ ਸਾਹ ਆਇਆ

ਰੰਗ ਬਦਲ ਮੁਦਰਾਵਾਂ ਆਈਆਂ 

ਪਾਣੀ ਟਿਕੇ ਤੁਰੇ 

ਮੂੰਹ ਤੱਕੇ ਅਰਸ਼ ਨੇ ਸਾਗਰ ਦੇ ਸ਼ੀਸ਼ੇ ਚੋਂ 

ਚੰਗਾ ਹੁੰਦਾ ਮੈਲੇ ਮਨ ਵੀ

ਜਰਾ ਜਾਂਦੇ ਧੋਤੇ

ਦਾਗ਼ ਨਾ ਰਹਿੰਦੇ 

ਕੈਦੀ ਦੀਆਂ ਲੱਤਾਂ ਤੇ 

ਤੇਰੀਆਂ ਬੇੜੀਆਂ ਦੇ

ਉਹਦਾ ਤਾਂ ਗੀਤ ਸੁਰ ਵੀ ਬੇੜੀਆਂ

ਸਲਾਖਾਂ ਪਿੱਛੇ  ਅਸਮਾਨ ਉਹਦਾ ਸਾਰਾ 

ਕੀ ਫਰਕ ਪੈਣਾ ਹੈ ਉਹਨੂੰ 

ਤੇਰੇ ਖੋਲ੍ਹੇ ਕਰਫਿਊ ਦਾ 

ਉਡਣ ਲਈ ਅਸਮਾਨ ਨਾ ਅਜੇ ਉਹਦਾ 

ਕਰੋੜਾਂ ਖੁਰ ਗਏ ਮੇਰੇ ਰੰਗ 

ਕੌਣ ਮੋੜੇਗਾ

ਲਾਡਲਿਆਂ ਦੇ ਟੁੱਟੇ ਖਿਲੌਣੇ 

ਗੁਆਚੀਆਂ ਖੇਡਾਂ ਕਿੰਜ਼ ਪਰਤਣਗੀਆਂ

ਰੁੱਖ ਹੋਏ ਨਿਰਮੋਹੇ

ਭੁੱਖਾਂ ਤਰਸਦੀਆਂ 

ਸਾਗਰ ਪਿਆਸੇ 

ਸੁੱਕੀਆਂ ਨਦੀਆਂ ਵਹਿਣ ਉਡੀਕਣ

ਡਰਨ ਪੁੱਤ ਮਾਵਾਂ ਤੋਂ 

ਕੁੱਖਾਂ ਮੋਹ ਨਾ ਕਸ਼ੀਦਣ

ਨੀਰ ਮਿਲਣ ਤਾਂ ਪਿਆਸਾਂ ਲੈ ਕੇ 

ਕਬਰਾਂ ਦੇ ਮੂੰਹ ਹੋਏ ਵੱਡੇ 

ਮਹਿਬੂਬ ਦੀ ਘੁੱਟ ਗਲਵੱਕੜੀ ਨੂੰ ਤਰਸੀ ਧਰਤੀ 

ਮੁੱਖ ਤੱਕਣ ਨੂੰ ਸ਼ੀਸ਼ੇ

📝 ਸੋਧ ਲਈ ਭੇਜੋ