ਮੁੱਦਤ ਤੋਂ ਹੀ ਆਸਾਂ ਸਨ ਉਸਨੇ ਸਾਡੇ ਆਣਾ ਹੈ ।
ਪਰ ਆਉਂਦਾ ਹੀ ਬੋਲ ਪਿਆ ‘ਜਾਣਾ ਹੈ ਮੈਂ ਜਾਣਾ ਹੈ।'
ਉਹਦੀ ਹਿਰਸ ਮਿਟੇ ਕਿੱਦਾਂ ਉਹਦਾ ਪੇਟ ਭਰੇ ਕੀਕਣ
ਸਭ ਤੋਂ ਰਿਸ਼ਵਤ ਖਾ ਕੇ ਜੋ ਫਿਰ ਵੀ ਭੁੱਖਣ-ਭਾਣਾ ਹੈ।
ਜ਼ਾਹਿਦ ਮੈਨੂੰ ਮਿਲਿਆ ਸੀ ਇਕ ਦਿਨ ਐਸੀ ਮਹਿਫਿਲ ਵਿਚ
ਮੈਂ ਵੀ ਉਸ ਤੋਂ ਕਾਣਾ ਹਾਂ ਉਹ ਵੀ ਮੈਥੋਂ ਕਾਣਾ ਹੈ।
ਇਹ ਚੱਕਰ ਹੈ ਕੀ ਚੱਕਰ ਇਹ ਮੰਜ਼ਿਲ ਹੈ ਕੀ ਮੰਜ਼ਿਲ
ਕਲ ਜਿਸ ਥਾਂ ਤੋਂ ਆਏ ਸਾਂ ਕਲ ਓਥੇ ਹੀ ਜਾਣਾ ਹੈ ।
ਸਾਕ਼ੀ ਦੇ ਨੈਣੋਂ ਪੀ ਕੇ ਮਸਤ ਰਿਹਾ ਕਰ ਰਿੰਦਾ ਤੂੰ
ਮੈਅ ਜਿਹੜੀ ਤੂੰ ਪੀਂਦਾ ਹੈਂ ਉਸਨੇ ਤੈਨੂੰ ਖਾਣਾ ਹੈ।
ਸਾਕ਼ੀ ਤੇ ਮੈਅ ਨਿੰਦ ਰਿਹੈ ਹੂਰ ਤੇ ਕੌਸਰ ਦਾ ਗਾਹਕ
ਵਿਚੋਂ ਜ਼ਾਹਿਦ ਕਾਣਾ ਹੈ ਉਤੋਂ ਬੀਬਾ ਰਾਣਾ ਹੈ ।
ਰਾਗ ਕੁਵੇਲੇ ਦਾ ਜਿੱਦਾਂ ਜਾਣਾ ਅੱਲੋਕਾਰ ਤਿਰਾ
ਵੈਸੇ ਤਾਂ ਇਸ ਦੁਨੀਆ ਤੋਂ ਇਕ ਦਿਨ ਸਭ ਨੇ ਜਾਣਾ ਹੈ ।
ਜ਼ਾਹਿਦ ਤੇਰੀ ਜੰਨਤ ਤਾਂ ਇਕ ਖਿੱਦੋ ਹੈ ਲੀਰਾਂ ਦੀ
ਇਹ ਇਕ ਖ਼ਾਮ-ਖ਼ਿਆਲੀ ਹੈ ਐਵੇਂ ਤਾਣਾ ਬਾਣਾ ਹੈ ।
ਯਾਰਾਂ ਨਾਲ ਬਹਾਰਾਂ ਸਨ ਹੁਣ ‘ਹਮਦਰਦ’ ਖਿ਼ਜ਼ਾਂ ਆਈ
ਉਹ ਵੀ ਉਸਦੀ ਰਹਿਮਤ ਸੀ ਇਹ ਵੀ ਉਸਦਾ ਭਾਣਾ ਹੈ ।